ਠਾਣੇ (ਰਾਘਵ) : ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਇਕ 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਟਰੇਨ ਅੱਗੇ ਸੈਲਫੀ ਲੈਂਦੇ ਸਮੇਂ ਇਕ ਨੌਜਵਾਨ ਦੀ ਜਾਨ ਚਲੀ ਗਈ। ਇਹ ਹਾਦਸਾ ਅੰਬਰਨਾਥ ਅਤੇ ਬਦਲਾਪੁਰ ਰੇਲਵੇ ਸਟੇਸ਼ਨਾਂ ਵਿਚਕਾਰ ਫਲਾਈਓਵਰ ਦੇ ਹੇਠਾਂ ਵਾਪਰਿਆ। ਸੂਤਰਾਂ ਮੁਤਾਬਕ ਪੱਛਮੀ ਬੰਗਾਲ ਦਾ ਰਹਿਣ ਵਾਲਾ 24 ਸਾਲਾ ਸਾਹਿਰ ਅਲੀ ਠਾਣੇ ਦੇ ਅੰਬਰਨਾਥ ਇਲਾਕੇ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਉਹ ਸਾਰੇ ਰੇਲਵੇ ਟ੍ਰੈਕ ਦੇ ਨੇੜੇ ਗਏ, ਜਿੱਥੇ ਉਨ੍ਹਾਂ ਨੇ ਗਰੁੱਪ ਫੋਟੋ ਖਿੱਚੀ ਅਤੇ ਫਿਰ ਸੈਲਫੀ ਲੈਣ ਲੱਗੇ। ਇਸ ਦੌਰਾਨ ਸਾਹਿਰ ਅਲੀ ਰੇਲਵੇ ਟ੍ਰੈਕ 'ਤੇ ਖੜ੍ਹੇ ਹੋ ਕੇ ਸੈਲਫੀ ਲੈਣ ਲੱਗਾ । ਉਦੋਂ ਅਚਾਨਕ ਇੱਕ ਟਰੇਨ ਤੇਜ਼ ਰਫਤਾਰ ਨਾਲ ਪਿੱਛੇ ਤੋਂ ਆ ਰਹੀ ਸੀ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਸਾਹਿਰ ਅਲੀ ਸੈਲਫੀ ਲੈ ਰਿਹਾ ਸੀ ਤਾਂ ਕੋਇਨਾ ਐਕਸਪ੍ਰੈਸ ਬਹੁਤ ਤੇਜ਼ ਰਫਤਾਰ ਨਾਲ ਆ ਗਈ। ਟਰੇਨ ਦੇ ਹਾਰਨ ਅਤੇ ਹੋਰ ਲੋਕਾਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਸਾਹਿਰ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਟਰੇਨ ਦੀ ਲਪੇਟ 'ਚ ਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਰੇਲਵੇ ਟਰੈਕ 'ਤੇ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਹਾਲਤ ਵਿੱਚ ਰੇਲਵੇ ਟ੍ਰੈਕ 'ਤੇ ਜਾਣਾ ਅਤੇ ਉੱਥੇ ਫੋਟੋਆਂ ਖਿਚਵਾਉਣਾ ਬਹੁਤ ਖਤਰਨਾਕ ਹੈ। ਉਨ੍ਹਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।



