ਖਮਾਣੋਂ (ਰਾਘਵ) : ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਪੈਨਸ਼ਨ ਸਕੀਮਾਂ ਦੇ 70 ਹਜ਼ਾਰ 27 ਲਾਭਪਾਤਰੀਆਂ ਨੂੰ 10 ਕਰੋੜ 50 ਲੱਖ 40 ਹਜ਼ਾਰ 500 ਰੁਪਏ ਦੀ ਪੈਨਸ਼ਨ ਦਿੱਤੀ ਗਈ ਹੈ। ਇਸ ’ਚੋਂ 45198 ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਅਧੀਨ 6 ਕਰੋੜ 77 ਲੱਖ 97 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਹੈ। ਇਹ ਜਾਣਕਾਰੀ ਡੀ. ਸੀ. ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀ ਭਲਾਈ ਲਈ ਬਣਾਈਆਂ ਕਮੇਟੀਆਂ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੇ ਬਜ਼ੁਰਗ ਸਾਡਾ ਮਾਣ ਪ੍ਰੋਗਰਾਮ ਅਧੀਨ ਜ਼ਿਲ੍ਹੇ ’ਚ ਬਜ਼ੁਰਗ ਨਾਗਰਿਕਾਂ ਸਬੰਧੀ ਸਰਵੇ ਵੀ ਕਰਵਾਇਆ ਜਾ ਰਿਹਾ ਹੈ।
ਡੀ. ਸੀ. ਨੇ ਕਿਹਾ ਕਿ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ ਆਯੁਸ਼ਮਾਨ ਸਿਹਤ ਬੀਮਾ ਸਕੀਮ ਦਾ ਲਾਭ ਦੇਣ ਦੇ ਫ਼ੈਸਲੇ ਅਧੀਨ ਜ਼ਿਲ੍ਹੇ ਦੇ ਬਜ਼ੁਰਗਾਂ ਦੇ ਆਯੁਸ਼ਮਾਨ ਕਾਰਡ ਬਣਾਉਣ ਲਈ ਕੈਂਪ ਲਾਏ ਜਾਣ ਤਾਂ ਜੋ ਜ਼ਿਲ੍ਹੇ ਦੇ ਸਾਰੇ ਬਜ਼ੁਰਗਾਂ ਨੂੰ ਸਕੀਮ ਦਾ ਲਾਭ ਮਿਲ ਸਕੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਯੁਸ਼ਮਾਨ ਸਕੀਮ ਅਧੀਨ ਇੰਮਪੈਨਲਡ ਹਸਪਤਾਲਾਂ ਦੀ ਸੂਚੀ ਬਜ਼ੁਰਗਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਕੋਈ ਖੱਜਲ-ਖੁਆਰੀ ਨਾ ਝੱਲਣੀ ਪਵੇ। ਉਨ੍ਹਾਂ ਨਗਰ ਕੌਂਸਲ ਸਰਹਿੰਦ ਦੇ ਈ. ਓ. ਸੰਗੀਤ ਕੁਮਾਰ ਨੂੰ ਕਿਹਾ ਕਿ ਸਰਹਿੰਦ ਵਿਖੇ ਬਣੇ ਸੀਨੀਅਰ ਸਿਟੀਜ਼ਨ ਹੋਮ ’ਚ ਏ. ਸੀ. ਲਗਵਾਉਣ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਜ਼ੁਰਗਾਂ ਨੂੰ ਗਰਮੀਆਂ ਦੌਰਾਨ ਪਰੇਸ਼ਾਨੀ ਨਾ ਆਵੇ।
ਡੀ. ਸੀ. ਨੇ ਦਿਵਿਆਂਗਜਨਾਂ ਦੀ ਭਲਾਈ ਲਈ ਬਣਾਈ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਦਿਵਿਆਂਗਜਨਾਂ ਦੇ ਹੁਣ ਤੱਕ 9466 ਯੂ. ਡੀ. ਆਈ. ਡੀ. ਕਾਰਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਆਮ ਬੱਚਿਆਂ ਨਾਲ ਸਾਂਝੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਬੱਚਿਆਂ ਲਈ ਸਕੂਲਾਂ ’ਚ ਰਿਸੋਰਮ ਰੂਮਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿੱਥੇ ਵਿਸ਼ੇਸ਼ ਸਿਖਲਾਈ ਪ੍ਰਾਪਤ ਰਿਸੋਰਸ ਅਧਿਆਪਕਾਂ ਵੱਲੋਂ ਸਿੱਖਿਆ ਦਿੱਤੀ ਜਾ ਰਹੀ ਹੈ। ਰਿਸੋਰਸ ਰੂਮਾਂ ’ਚ ਆਉਣ ਵਾਲੇ ਬੱਚਿਆਂ ਦੇ ਕਿਰਾਏ ਦਾ ਪ੍ਰਬੰਧ, ਮੁਫ਼ਤ ਕਿਤਾਬਾਂ, ਵਰਦੀਆਂ, ਭੋਜਨ ਤੇ ਸਿਖਣ ਸਮੱਗਰੀ ਵੀ ਦਿੱਤੀ ਜਾ ਰਹੀ ਹੈ।



