ਫ਼ਿਰੋਜ਼ਪੁਰ (ਨੇਹਾ): ਜ਼ਿਲੇ 'ਚ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ: ਨਿਧੀ ਬਾਂਬਾ ਨੇ ਧਾਰਾ 163 ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ, ਜੋ ਅਗਲੇ ਦੋ ਮਹੀਨਿਆਂ ਤੱਕ ਲਾਗੂ ਰਹਿਣਗੇ | ਡਾ: ਬਾਂਬਾ ਨੇ ਦੱਸਿਆ ਕਿ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਮਾਮੂਲੀ ਖਣਿਜਾਂ ਦੀ ਨਿਕਾਸੀ, ਬੋਰਵੈੱਲ/ਟਿਊਬਵੈੱਲ ਲਈ ਜ਼ਮੀਨ ਦੀ ਬਿਨਾਂ ਆਗਿਆ ਲਏ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਖੁਦਾਈ ਕਰਨ 'ਤੇ ਪਾਬੰਦੀ ਲਗਾਈ ਗਈ ਹੈ।
15 ਦਿਨਾਂ ਦੀ ਅਗਾਊਂ ਪ੍ਰਵਾਨਗੀ ਲੈਣ ਵੇਲੇ, ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਬੋਰਵੈੱਲ ਵਾਲੀ ਥਾਂ 'ਤੇ ਹਰ ਪਹਿਲੂ ਤੋਂ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਵਾਹਨ ਨੂੰ ਮੂੰਹ ਢੱਕ ਕੇ ਚਲਾਉਣ, ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਹਥਿਆਰ ਲੈ ਕੇ ਜਾਣ ਜਾਂ ਪ੍ਰਦਰਸ਼ਿਤ ਕਰਨ, ਜਨਤਕ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਜਾਂ ਪ੍ਰਦਰਸ਼ਿਤ ਕਰਨ, ਰੋਸ ਰੈਲੀਆਂ ਕਰਨ, ਪੁਤਲੇ ਫੂਕਣ, ਆਵਾਜਾਈ ਵਿਚ ਰੁਕਾਵਟ ਪੈਦਾ ਕਰਨ 'ਤੇ ਪਾਬੰਦੀ ਲਗਾਈ ਗਈ ਹੈ।



