ਕਲੂਰ (ਨੇਹਾ): ਕੇਰਲ ਦੇ ਕਲੂਰ 'ਚ ਇਕ ਕੈਫੇ ਦੇ 'ਕੁਕਿੰਗ ਸਟੀਮਰ' 'ਚ ਧਮਾਕਾ ਹੋਣ ਕਾਰਨ ਇਕ ਕਰਮਚਾਰੀ ਦੀ ਮੌਤ ਹੋ ਗਈ। ਜਦਕਿ ਤਿੰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬੰਗਾਲ ਦੇ ਰਹਿਣ ਵਾਲੇ ਸੁਮਿਤ ਵਜੋਂ ਹੋਈ ਹੈ। ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਫਾਇਰ ਐਂਡ ਰੈਸਕਿਊ ਸਰਵਿਸ ਦੇ ਅਧਿਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਕਲੂਰ ਸਥਿਤ ਜਵਾਹਰ ਲਾਲ ਨਹਿਰੂ ਇੰਟਰਨੈਸ਼ਨਲ ਸਟੇਡੀਅਮ ਦੀ ਗਰਾਊਂਡ ਫਲੋਰ 'ਤੇ ਸਥਿਤ ਕੈਫੇ 'ਚ ਗੈਸ ਸਿਲੰਡਰ ਫਟ ਗਿਆ। ਅੱਗ ਬੁਝਾਊ ਅਮਲੇ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਥਿਤੀ 'ਤੇ ਕਾਬੂ ਪਾਇਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਗੈਸ ਸਿਲੰਡਰ ਦਾ ਧਮਾਕਾ ਨਹੀਂ ਸੀ, ਸਗੋਂ ਕੈਫੇ ਦਾ 'ਕੁਕਿੰਗ ਸਟੀਮਰ' ਜ਼ਿਆਦਾ ਦਬਾਅ ਕਾਰਨ ਫਟ ਗਿਆ ਸੀ। ਸੁਮਿਤ ਸਿਰ 'ਤੇ ਗੰਭੀਰ ਸੱਟਾਂ ਨਾਲ ਕੈਫੇ ਦੇ ਅੰਦਰ ਮਿਲਿਆ ਸੀ। ਹਸਪਤਾਲ ਲਿਜਾਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।



