ਜਲੰਧਰ (ਰਾਘਵ): ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਵੱਲੋਂ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਆਉਣ ਵਾਲੇ ਦਿਨਾਂ 'ਚ ਪੰਜਾਬ ਵਿੱਚ ਫਿਰ ਤੋਂ ਠੰਡ ਵੱਧ ਸਕਦੀ ਹੈ, ਇਸ ਦੇ ਨਾਲ ਹੀ ਤਾਪਮਾਨ ਵਧਣ ਦੇ ਅਸਾਰ ਵੀ ਹਨ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ 20 ਡਿਗਰੀ ਨੂੰ ਪਾਰ ਕਰ ਗਿਆ ਹੈ। ਪੱਛਮੀ ਗੜਬੜੀ ਕੱਲ੍ਹ ਤੋਂ ਸਰਗਮ ਹੋ ਗਈ ਹੈ ਪਰ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਇਸ ਦਾ ਅਸਰ ਵੇਖਣ ਨੂੰ ਨਹੀਂ ਮਿਲੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ 'ਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਅਜਿਹਾ ਹੋਣ 'ਤੇ ਮੈਦਾਨੀ ਇਲਾਕਿਆਂ ਵੱਲ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਇਸ ਨਾਲ ਠੰਡ ਵੀ ਵਧੇਗੀ।
ਜ਼ਿਕਰਯੋਗ ਹੈ ਕਿ ਸੂਬੇ ਵਿੱਚ ਸ਼ਨੀਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ 1.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਅੱਜ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਹੁਸ਼ਿਆਰਪੁਰ ਰਿਹਾ, ਜਿੱਥੇ ਮੌਸਮ ਵਿਭਾਗ ਵੱਲੋਂ ਘੱਟੋ-ਘੱਟ ਤਾਪਮਾਨ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਸੂਬੇ ਵਿੱਚ ਠੰਡ ਵਧਾ ਰਹੀਆਂ ਹਨ। ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਹਵਾਵਾਂ ਜਨਵਰੀ 'ਚ ਚੱਲਦੀਆਂ ਤਾਂ ਠੰਡ ਵੀ ਪੈ ਸਕਦੀ ਸੀ ਕਿਉਂਕਿ ਪੱਛਮੀ ਹਵਾਵਾਂ ਕਾਰਨ ਤਾਪਮਾਨ ਘੱਟ ਜਾਂਦਾ ਹੈ ਅਤੇ ਇਹ ਹਵਾ ਨਮੀ ਨੂੰ ਸੋਖ ਲੈਂਦੀ ਹੈ। ਹੁਣ ਇਨ੍ਹਾਂ ਹਵਾਵਾਂ ਤੋਂ ਤਿੰਨ ਤੋਂ ਚਾਰ ਦਿਨਾਂ ਤੱਕ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਅਜਿਹੀਆਂ ਹਵਾਵਾਂ ਚਾਰ ਦਿਨਾਂ ਤੋਂ ਵੱਧ ਚੱਲਦੀਆਂ ਹਨ ਤਾਂ ਕਿਸਾਨਾਂ ਨੂੰ ਸਿੰਚਾਈ ਬਾਰੇ ਸੋਚਣਾ ਪਵੇਗਾ ਅਤੇ ਫ਼ਸਲਾਂ ਦਾ ਨੁਕਸਾਨ ਵੀ ਹੋਵੇਗਾ।



