ਮੋਂਟਰੀਅਲ ਦੇ ਆਜ਼ਾਦੀ ਪਸੰਦ ਸਿੱਖਾਂ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਨਾਲ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ: ਚਰਨਜੀਤ ਸਿੰਘ ਸੁੱਜੋਂ

by nripost

ਮੋਂਟਰੀਅਲ (ਐੱਨਆਰਆਈ ਮੀਡਿਆ): ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੀ ਸਿੱਖ ਸੰਗਤ ਵੱਲੋਂ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਨਾਲ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਭਾਰਤ ਦੀ ਹਕੂਮਤ ਨਾਲ ਸਿੱਧੀ ਟੱਕਰ ਲੈਣ ਵਾਲੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੋਂਟਰੀਅਲ ਦੀਆਂ ਸਿੱਖ ਸੰਗਤਾਂ ਵਲੋਂ ਇਸ ਮਹੀਨਾਵਾਰ ਪੰਥਕ ਪ੍ਰੋਗਰਾਮ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਕੀਤੇ ਗਏ। ਉੱਥੇ ਪਿਛਲੀ ਮਹੀਨੇ ਤੋਂ ਸ਼ੁਰੂ ਕੀਤੇ ਗਏ ਲੋੜਵੰਦ 5 ਅੰਤਰਰਾਸ਼ਟਰੀ ਵਿਦਿਆਰਥਣਾਂ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਕਮੇਟੀ ਮੈਂਬਰ ਭਾਈ ਜਸਵਿੰਦਰ ਸਿੰਘ ਨਵਾਂਸ਼ਹਿਰ ਅਤੇ ਭਾਈ ਬਲਰਾਜ ਸਿੰਘ ਕੈਰੋਂ, ਭਾਈ ਰਣਜੀਤ ਸਿੰਘ ਰਾਣਾ ਪੱਡਾ ਆਦਿ ਪੰਥ ਦਰਦੀਆਂ ਵੱਲੋਂ ਸਕਾਲਰਸ਼ਿਪ ਦਿੱਤੀ ਗਈ।

ਇਸ ਮੌਕੇ ਭਾਈ ਜਸਵਿੰਦਰ ਸਿੰਘ ਵੱਲੋਂ ਸਟੇਜ ਦੇ ਬੋਲਦਿਆਂ ਇਸ ਸਲਾਂਘਾਯੋਗ ਉੱਦਮ ਲਈ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਅਤੇ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਭਾਈ ਰਣਜੀਤ ਸਿੰਘ ਰਾਣਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥਨਾਂ ਲਈ ਸਕਾਲਰਸ਼ਿਪ ਰੂਪ ਵਿੱਚ ਸ਼ੁਰੂ ਕੀਤੇ ਗਏ ਕਾਰਜ ਦੀ ਸਲਾਂਘਾ ਕਰਦਿਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਮਰੀਕਾ ਵਿੱਚ ਲਾਜ ਐਂਜਲਸ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਲਈ ਆਪੋ ਆਪਣੇ ਭੈਣਾਂ ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਅਪੀਲ ਕੀਤੀ ਗਈ। ਸਰਗਰਮ ਨੌਜਵਾਨ ਬਲਕਰਨ ਸਿੰਘ ਵੱਲੋਂ ਇਸ ਪੰਥ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਗਿਆ।

ਚਰਨਜੀਤ ਸਿੰਘ ਸੁੱਜੋਂ ਨੇ ਕਿਹਾ ਕਿ ਪ੍ਰਦੇਸ਼ਾਂ ਵਿੱਚ ਧੀਆਂ ਭੈਣਾਂ ਦੀ ਸੇਵਾ ਸੰਭਾਲ ਕਰਨਾ ਸਾਡਾ ਫਰਜ਼ ਹੀ ਨਹੀਂ ਸਗੋਂ ਜ਼ਿੰਮੇਵਾਰੀ ਵੀ ਹੈ। ਸਾਡੀ ਕੀਤੀ ਗਈ ਕਮਾਈ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਆਪਾਂ ਲੋੜਵੰਦਾਂ ਲਈ ਆਪਣਾ ਦਸਵੰਧ ਕੱਢਦੇ ਹਾਂ। ਆਜ਼ਾਦੀ ਦੀ ਲੜਾਈ ਲੜਨ ਲਈ ਸਾਨੂੰ ਸੇਵਾ ਸਿਮਰਨ ਅਤੇ ਗੁਰਬਾਣੀ ਲੜ ਲੱਗਣ ਨਾਲ ਹੀ ਉਸ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਅਧਿਆਤਮਕ ਸ਼ਕਤੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਬਿਨਾਂ ਨਾਮ ਸਿਮਰਨ ਤੋਂ ਸੰਘਰਸ਼ ਲੜਿਆ ਹੀ ਨਹੀਂ ਜਾ ਸਕਦਾ। ਇਸ ਪੰਥਕ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਹ ਸਾਰੇ ਪੰਥਕ ਕਾਰਜ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੇ ਹਨ।