ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿੰਗ ਚਾਰਲਸ ਨਾਲ ਕੀਤੀ ਮੁਲਾਕਾਤ

by nripost

ਲੰਡਨ (ਰਾਘਵ): ਬਰਤਾਨੀਆ ਦੇ ਕਿੰਗ ਚਾਰਲਸ III ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਇੱਥੇ ਸੈਂਡ੍ਰਿੰਗਮ ਸਥਿਤ ਬਾਦਸ਼ਾਹ ਦੀ ਸ਼ਾਹੀ ਰਿਹਾਇਸ਼ ’ਤੇ ਨਿੱਜੀ ਮੁਲਾਕਾਤ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ। ਹਾਲਾਂਕਿ, ਸ਼ਾਹੀ ਅਧਿਕਾਰੀਆਂ ਨੇ ਨਿੱਜੀ ਮੁਲਾਕਾਤ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਦੋਵਾਂ ਵੱਲੋਂ ਇਸ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਇਸ ਦਾ 51ਵਾਂ ਸੂੁਬਾ ਬਣਾਉਣ ਸਬੰਧੀ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਗ਼ੌਰਤਲਬ ਹੈ ਕਿ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਦੀਆਂ ਧਮਕੀਆਂ ਬਾਰੇ ਚੁੱਪ ਰਹਿਣ ਲਈ ਕੈਨੇਡਾ ਵਿੱਚ ਬਾਦਸ਼ਾਹ ਚਾਰਲਸ ਦੀ ਨਿਖੇਧੀ ਹੋ ਰਹੀ ਹੈ। ਟਰੂਡੋ ਨੇ ਐਤਵਾਰ ਨੂੰ ਲੰਡਨ ਵਿੱਚ ਕਿਹਾ ਸੀ ਕਿ ਉਹ ਚਾਰਲਸ ਨਾਲ ਕੈਨੇਡੀਅਨਾਂ ਲਈ ਅਹਿਮ ਮਾਮਲਿਆਂ ’ਤੇ ਚਰਚਾ ਕਰਨਗੇ ਅਤੇ ਕਿਹਾ, ‘ਇਸ ਸਮੇਂ ਕੈਨੇਡੀਅਨਾਂ ਲਈ ਆਪਣੀ ਪ੍ਰਭੂਸੱਤਾ ਅਤੇ ਦੇਸ਼ ਵਜੋਂ ਆਪਣੀ ਆਜ਼ਾਦੀ ਲਈ ਖੜ੍ਹੇ ਹੋਣ ਤੋਂ ਵੱਧ ਕੁਝ ਵੀ ਅਹਿਮ ਨਹੀਂ ਜਾਪਦਾ।’

ਗ਼ੌਰਤਲਬ ਹੈ ਕਿ ਕੈਨੇਡਾ ਵਿੱਚ ਰਾਜ ਦਾ ਰਾਸ਼ਟਰ ਮੁਖੀ ਕਿੰਗ ਚਾਰਲਸ ਹਨ ਅਤੇ ਕੈਨੇਡਾ, ਬਰਤਾਨੀਆ ਦੀਆਂ ਸਾਬਕਾ ਬਸਤੀਆਂ ’ਤੇ ਆਧਾਰਤ ਬ੍ਰਿਟਿਸ਼ ਰਾਸ਼ਟਰਮੰਡਲ ਦਾ ਮੈਂਬਰ ਹੈ। ਭਾਰਤ ਤੇ ਪਾਕਿਸਤਾਨ ਸਮੇਤ ਹੋਰ ਅਜਿਹੇ ਮੁਲਕ ਵੀ ਰਾਸ਼ਟਰਮੰਡਲ ਦਾ ਹਿੱਸਾ ਹਨ। ਕੁੱਲ ਮਿਲਾ ਕੇ ਕੈਨੇਡਾ ਵਿੱਚ ਬਰਤਾਨਵੀ ਰਾਜਸ਼ਾਹੀ ਵਿਰੋਧੀ ਲਹਿਰ ਬਹੁਤੀ ਵੱਡੀ ਤਾਂ ਨਹੀਂ ਹੈ ਪਰ ਟਰੰਪ ਦੀਆਂ ਧਮਕੀਆਂ ’ਤੇ ਚਾਰਲਸ ਦੀ ਖ਼ਾਮੋਸ਼ੀ ਨੇ ਹਾਲ ਹੀ ਦੇ ਦਿਨਾਂ ਵਿੱਚ ਅਜਿਹੀ ਚਰਚਾ ਨੂੰ ਹੁਲਾਰਾ ਦਿੱਤਾ ਹੈ। ਕੈਨੇਡੀਅਨ ਸੂਬੇ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਕਿਹਾ ਕਿ ਕੈਨੇਡੀਅਨਾਂ ਲਈ ਨਿਰਾਸ਼ਾ ਵਾਲੀ ਗੱਲ ਹੈ ਕਿ ਚਾਰਲਸ ਨੇ ਟਰੰਪ ਦੀਆਂ ਧਮਕੀਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਹ ਸਿਰਫ਼ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਲਾਹ ’ਤੇ ਹੀ ਕੰਮ ਕਰ ਸਕਦੇ ਹਨ। ਕੇਨੀ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘ਕੈਨੇਡਾ ਸਰਕਾਰ ਨੂੰ ਰਾਸ਼ਟਰ ਮੁਖੀ ਨੂੰ ਕੈਨੇਡੀਅਨ ਪ੍ਰਭੂਸੱਤਾ ਨੂੰ ਉਜਾਗਰ ਕਰਨ ਲਈ ਕਹਿਣਾ ਚਾਹੀਦਾ ਹੈ।’

More News

NRI Post
..
NRI Post
..
NRI Post
..