ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ

by nripost

ਜਲੰਧਰ (ਰਾਘਵ): ਕਿਸਾਨਾਂ ਲਈ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਆਗਾਮੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 2025-26 ਸੀਜ਼ਨ ਲਈ ਗੰਨੇ ਦੇ ਵਾਜਬ ਤੇ ਲਾਹੇਵੰਦ ਮੁੱਲ (ਐਫਆਰਪੀ) ਵਿੱਚ 4.41 ਫ਼ੀਸਦੀ ਵਾਧਾ ਕਰਕੇ ਇਸ ਨੂੰ 355 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫ਼ੈਸਲਾ ਕੀਤਾ ਹੈ। ਇੱਕ ਸਰਕਾਰੀ ਬਿਆਨ ’ਚ ਕਿਹਾ ਗਿਆ ਕਿ ਗੰਨਾ ਕਿਸਾਨਾਂ ਦੇ ਹਿੱਤ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ’ਚ ਇਸ ਸਬੰਧੀ ਫ਼ੈਸਲਾ ਲਿਆ ਗਿਆ।

ਸਰਕਾਰ ਵੱਲੋਂ ਮੌਜੂਦਾ 2024-25 ਸੀਜ਼ਨ ਲਈ ਗੰਨੇ ਦਾ ਐਫਆਰਪੀ 340 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਐਫਆਰਪੀ ਤੈਅ ਕੀਤਾ ਜਾਂਦਾ ਹੈ ਜੋ ਲਾਜ਼ਮੀ ਘੱਟੋ ਘੱਟ ਕੀਮਤ ਹੈ ਤੇ ਖੰਡ ਮਿੱਲਾਂ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਇਹ ਕੀਮਤ ਦੇਣ ਲਈ ਕਾਨੂੰਨੀ ਤੌਰ ’ਤੇ ਪਾਬੰਦ ਹੁੰਦੀਆਂ ਹਨ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੂਲ ਵਸੂਲੀ ਦਰ ਯਾਨੀ ਪ੍ਰੋਸੈਸਿੰਗ ਦੌਰਾਨ ਗੰਨੇ ਤੋਂ ਬਣਨ ਵਾਲੀ ਚੀਨੀ 10.25 ਫ਼ੀਸਦ ਰਹਿਣ ’ਤੇ 355 ਰੁਪਏ ਪ੍ਰਤੀ ਕੁਇੰਟਲ ਦਾ ਐਫਆਰਪੀ ਮਨਜ਼ੂਰ ਕੀਤਾ ਗਿਆ ਹੈ।

ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਗੰਨੇ ਤੋਂ ਖੰਡ ਪ੍ਰਾਪਤੀ 10.25 ਫ਼ੀਸਦ ਤੋਂ ਵੱਧ ਹੋਣ ’ਤੇ ਹਰੇਕ 0.1 ਫ਼ੀਸਦ ਵਾਧੇ ਲਈ ਕਿਸਾਨਾਂ ਨੂੰ 3.46 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦਰ ਘੱਟ ਹੋਣ ’ਤੇ ਹਰੇਕ 0.1 ਫ਼ੀਸਦ ਕਮੀ ਲਈ ਐਫਆਰਪੀ ’ਚ 3.46 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਕੀਤੀ ਜਾਵੇਗੀ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਨ੍ਹਾਂ ਖੰਡ ਮਿੱਲਾਂ ਦੇ ਮਾਮਲੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਜਿੱਥੇ ਰਿਕਵਰੀ 9.5 ਫ਼ੀਸਦੀ ਤੋਂ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਆਉਣ ਵਾਲੇ 2025-26 ਸੀਜ਼ਨ ਵਿੱਚ ਗੰਨੇ ਲਈ 329.05 ਰੁਪਏ ਪ੍ਰਤੀ ਕੁਇੰਟਲ ਮਿਲਣਗੇ।

More News

NRI Post
..
NRI Post
..
NRI Post
..