ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਮਾਹੌਲ ਦਰਮਿਆਨ ਆਦਮਪੁਰ ਨੂੰ ਬੰਦ ਕਰਨ ਦੇ ਹੁਕਮ

by nripost

ਜਲੰਧਰ (ਰਾਘਵ): ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਪਾਕਿਸਤਾਨ ਵੱਲੋਂ ਲਗਾਤਾਰ ਭਾਰਤ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਅੱਜ ਦਿਨ ਚੜ੍ਹਦੇ ਹੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਪਾਕਿਸਤਾਨ ਵੱਲੋਂ ਹਮਲੇ ਕੀਤੇ ਗਏ। ਹਾਲਾਤ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਜਿਸ ਦੇ ਚੱਲਦੇ ਪੰਜਾਬ ਕਈ ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਤੋਂ ਇਲਾਵਾ ਕਈ ਹੋਰ ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਆਦਮਪੁਰ ਏਅਰਪੋਰਟ ਨੇੜੇ ਵੀ ਹਮਲੇ ਕਰਨ ਦੀ ਖ਼ਬਰ ਸਾਹਮਣੇ ਆਈ। ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਆਦਮਪੁਰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ। ਆਦਮਪੁਰ ਵਿਚ ਦੁਕਾਨਾਂ, ਬਾਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੌਰਾਨ ਮੈਡੀਕਲ ਅਤੇ ਐਮਰਜੈਂਸੀ ਸਹੂਲਤਾਂ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਥੇ ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਦੌਰਾਨ ਪਾਕਿਸਤਾਨ ਵੱਲੋਂ ਆਦਮਪੁਰ ਏਅਰਪੋਰਟ ਨੇੜੇ ਬੰਬਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਤ ਕਰੀਬ ਸਵਾ ਇਕ ਵਜੇ ਵੱਡੀ ਗਿਣਤੀ ਵਿੱਚ ਧਮਾਕਿਆਂ ਦੀ ਆਵਾਜ਼ ਆਈ ਅਤੇ ਤੜਕ ਸਵੇਰ ਹੀ ਨਜ਼ਦੀਕੀ ਖੇਤਰ ਸਿਕੰਦਰਪੁਰ ਵਿਖੇ ਇਕ ਘਰ ਅੰਦਰ ਡਰੋਨ ਦੇ ਟੁਕੜੇ, ਮੁਹੱਦੀਪੁਰ ਵਿਖੇ ਦੋ ਜਗ੍ਹਾ 'ਤੇ ਇਨ੍ਹਾਂ ਦੇ ਕੁਝ ਹਿੱਸੇ ਅਤੇ ਢੰਡੋਰ ਚੱਕ ਇਸ਼੍ਰਵਾਲ ਵਿਖੇ ਇਕ ਮਿਜ਼ਾਈਲ ਖੇਤਾਂ ਵਿੱਚ ਡਿੱਗੀ ਮਿਲੀ। ਮੌਕੇ ਉਤੇ ਫ਼ੌਜ ਅਤੇ ਪੁਲਸ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ। ਉਧਰ ਦੂਜੇ ਪਾਸੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਇਨ੍ਹਾਂ ਸਥਾਨਾਂ 'ਤੇ ਪੁੱਜੇ ਅਤੇ ਆਮ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਨ੍ਹਾਂ ਸਥਾਨਾਂ ਜਿੱਥੇ ਡਰੋਨ ਦਾ ਮਲਬਾ ਯਾਂ ਕੋਈ ਬੰਬਨੂਮਾ ਚੀਜ਼ ਦਿਸੇ ਉਸ ਦੀ ਸੂਚਨਾ ਪੁਲਸ ਨੂੰ ਦੇਣ ਦੇ ਨਾਲ-ਨਾਲ ਖ਼ੁਦ ਇਨ੍ਹਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨੀ ਸਾਡਾ ਸਭ ਦਾ ਫਰਜ਼ ਹੈ ਅਤੇ ਸਾਡੀ ਫ਼ੌਜ ਪੂਰੀ ਤਰ੍ਹਾਂ ਨਾਲ ਹਰ ਕਿਸਮ ਦਾ ਜਵਾਬ ਦੇਣ ਨੂੰ ਤਿਆਰ ਹੈ।

More News

NRI Post
..
NRI Post
..
NRI Post
..