ਕੋਲੰਬੋ (ਵਿਕਰਮ ਸਹਿਜਪਾਲ) : ਈਸਟਰ ਮੌਕੇ ਦਿਨ ਐਤਵਾਰ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਲੜੀਵਾਰ ਧਮਾਕੇ ਹੋਏ। 7 ਥਾਵਾਂ 'ਤੇ ਹੋਏ ਸਿਲਸਿਲੇਵਾਰ ਧਮਾਕਿਆਂ 'ਚ ਕਈ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 500 ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚ ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲੋਕਾਂ 'ਚ ਡਰ ਦਾ ਮਾਹੌਲ ਹੈ। ਹੁਣ ਤਕ ਕਿਸੇ ਨੇ ਵੀ ਇਨ੍ਹਾਂ ਧਮਾਕਿਆਂ ਦੀ ਜਿੰਮੇਵਾਰੀ ਨਹੀਂ ਲਈ ਹੈ। ਪੁਲਸ ਜਾਂਚ 'ਚ ਜੁਟ ਗਈ ਹੈ। ਹੁਣ ਤਕ 158 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।ਕੋਲੰਬੋ ਦੇ ਸ਼ਾਂਗ੍ਰੀਲਾ, ਕਿੰਗਜ਼ਬਰੀ ਅਤੇ ਸਿਨਾਮੋਮ ਗ੍ਰੈਂਡ ਹੋਟਲ 'ਚ ਧਮਾਕੇ ਕਾਰਨ 35 ਵਿਦੇਸ਼ੀ ਨਾਗਰਿਕਾਂ ਦੀ ਮੌਤ ਅਤੇ 12 ਤੋਂ ਵਧੇਰੇ ਦੇ ਜ਼ਖਮੀ ਹੋਣ ਦੀ ਖਬਰ ਹੈ।
ਸੂਤਰਾਂ ਮੁਤਾਬਕ, 3 ਗਿਰਜਾਘਰਾਂ (ਚਰਚ) 'ਚ ਵੱਡੇ ਧਮਾਕੇ ਹੋਏ। ਲੋਕ ਈਸਟਰ ਪ੍ਰਾਰਥਨਾ ਲਈ ਵੱਡੀ ਗਿਣਤੀ 'ਚ ਗਿਰਜਾਘਰਾਂ 'ਚ ਮੌਜੂਦ ਸਨ। 3 ਹੀ ਧਮਾਕੇ ਵੱਖ-ਵੱਖ ਹੋਟਲਾਂ 'ਚ ਹੋਏ। ਇਨ੍ਹਾਂ ਥਾਵਾਂ 'ਤੇ ਲੋਕਾਂ ਦਾ ਵੱਡਾ ਜਮਾਵੜਾ ਸੀ, ਜਿਸ ਕਾਰਨ ਜ਼ਖਮੀ ਲੋਕਾਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ। ਜਿਨ੍ਹਾਂ ਥਾਵਾਂ 'ਤੇ ਧਮਾਕੇ ਹੋਏ ਉਨ੍ਹਾਂ 'ਚੋਂ ਇਕ ਚਰਚ ਤੇ ਹੋਟਲ ਰਾਜਧਾਨੀ ਕੋਲੰਬੋ 'ਚ ਹੈ। ਦੂਜਾ ਚਰਚ ਉੱਤਰੀ ਕੋਲੰਬੋ ਦੇ ਨੇਗੰਬੋ 'ਚ ਹੈ। ਇਕ ਧਮਾਕਾ ਕੋਲੰਬੋ ਦੇ ਕੋਚੀਕੇਡ 'ਚ ਸੈਂਟ ਐਂਥੋਨੀ ਚਰਚ 'ਚ ਹੋਇਆ।
ਕੋਲੰਬੋ ਨੈਸ਼ਨਲ ਹਸਪਤਾਲ 'ਚ ਇਲਾਜ ਲਈ ਕਈ ਜ਼ਖਮੀ ਭਰਤੀ ਕੀਤੇ ਗਏ ਹਨ। ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਨ, ਸਥਿਤੀ 'ਤੇ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ। ਇਸ ਵਿਚਕਾਰ ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।ਭਾਰਤੀ ਨਾਗਰਿਕ ਸਹਾਇਤਾ ਜਾਂ ਸਪੱਸ਼ਟੀਕਰਨ ਪ੍ਰਾਪਤ ਕਰਨ ਲਈ ''+94777902082, +94772234176'' ਤੇ ਕਾਲ ਕਰ ਸਕਦੇ ਹਨ।



