ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਡਡਵਾਂ ਵਿੱਚ ਸਥਿਤ ਜੰਗਲ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ 'ਚ ਇਸ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਲਿਆ। ਜੰਗਲ ਵਿੱਚ ਸੁੱਕਾ ਘਾਹ ਅਤੇ ਲੱਕੜਾਂ ਦੀ ਬਹੁਤਾਤ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕੁਝ ਹੀ ਸਮੇਂ 'ਚ ਅੱਗ ਕਰੀਬ 2 ਕਿਲੋਮੀਟਰ ਤੱਕ ਫੈਲ ਗਈ, ਜਿਸ ਕਾਰਨ ਆਸ-ਪਾਸ ਦੇ ਪਿੰਡਾਂ 'ਚ ਹਫੜਾ-ਦਫੜੀ ਮਚ ਗਈ।
ਸਥਾਨਕ ਲੋਕਾਂ ਨੇ ਆਪਣੇ ਪੱਧਰ 'ਤੇ ਬਾਲਟੀਆਂ ਅਤੇ ਪਾਈਪਾਂ ਦੀ ਵਰਤੋਂ ਕਰਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਕਾਬੂ ਤੋਂ ਬਾਹਰ ਹੋ ਗਈਆਂ। ਅੱਗ ਦੇ ਨੇੜੇ ਜਾਣਾ ਵੀ ਜ਼ੋਖਮ ਭਰਿਆ ਸੀ, ਇਸ ਲਈ ਲੋਕ ਦੂਰੋਂ ਹੀ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਿੰਡ ਦੀ ਸਰਪੰਚ ਦੇ ਪਤੀ ਜੋਗਿੰਦਰ ਪਾਲ ਨੇ ਤੁਰੰਤ ਪਠਾਨਕੋਟ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਪਰ ਜਵਾਬ ਮਿਲਿਆ ਕਿ ਉਨ੍ਹਾਂ ਕੋਲ ਸਿਰਫ ਇਕ ਫਾਇਰ ਇੰਜਣ ਹੈ। ਉਸ ਨੂੰ ਜੁਗਿਆਲ ਫਾਇਰ ਸਟੇਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ, ਪਰ ਉਥੋਂ ਵੀ ਨਿਰਾਸ਼ਾਜਨਕ ਜਵਾਬ ਮਿਲਿਆ, “ਸਾਡੇ ਕੋਲ ਡਰਾਈਵਰ ਉਪਲਬਧ ਨਹੀਂ ਹੈ। ਉਨ੍ਹਾਂ ਵਿਭਾਗ ਅਤੇ ਪ੍ਰਸ਼ਾਸਨ ਦੀ ਇਸ ਅਣਗਹਿਲੀ ’ਤੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੰਗਲ ਵਿੱਚ ਲੱਗੀ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ। ਜੇਕਰ ਅੱਗ ਪਿੰਡ ਦੇ ਘਰਾਂ ਤੱਕ ਫੈਲ ਜਾਂਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਹ ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।



