ਅੰਮ੍ਰਿਤਸਰ (ਰਾਘਵ): ਅਜਨਾਲਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਅਜਨਾਲਾ ਸਾਈਡ ਜਾ ਰਹੀ ਬੋਲੈਰੋ ਗੱਡੀ ਨੇ ਇਕ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਕਲ ਸਵਾਰ 15 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਦਾ ਨਾਮ ਗੁਰਸ਼ਬਦ ਮੀਤ ਸਿੰਘ ਹੈ ਅਤੇ ਉਹ ਘਰੇਲੂ ਸਾਮਾਨ ਲੈਣ ਲਈ ਘਰੋਂ ਬਾਹਰ ਗਿਆ ਸੀ।
ਸਾਈਕਲ 'ਤੇ ਸਵਾਰ ਹੋ ਕੇ ਜਦੋਂ ਸੜਕ 'ਤੇ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਵਿਚ ਆ ਰਹੇ ਬੋਲੈਰੋ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਿ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਇਨਸਾਫ਼ ਦੀ ਗੁਹਾਰ ਲਗਾਈ, ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਕੰਟਰੋਲ ਵਿਚ ਚਲਾਉਣ ਤਾਂ ਜੋ ਕਿਸੇ ਦੀ ਕੀਮਤੀ ਜਾਨ ਨਾ ਜਾ ਸਕੇ। ਉਥੇ ਹੀ ਦੂਜੇ ਪਾਸੇ ਇਸ ਮਾਮਲੇ ਚ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜਨਾਲਾ ਦਾ ਰਹਿਣ ਵਾਲਾ ਗੁਰਸ਼ਬਦ ਮੀਤ ਸਿੰਘ ਸਾਈਕਲ 'ਤੇ ਸੜਕ ਪਾਰ ਕਰ ਰਿਹਾ ਸੀ ਕਿ ਤੇਜ਼ ਰਫ਼ਤਾਰ ਬੋਲੈਰੋ ਗੱਡੀ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਫਿਲਹਾਲ ਕਾਰ ਅਤੇ ਕਾਰ ਚਾਲਕ ਨੂੰ ਕਾਬੂ ਕੀਤਾ ਗਿਆ ਹੈ, ਬਾਕੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।



