ਪੰਜਾਬ ‘ਚ ਗਰਮੀ ਦਾ ਕਹਿਰ, IMD ਨੇ ‘ਰੈੱਡ ਅਲਰਟ’ ਕੀਤਾ ਜਾਰੀ

by nripost

ਚੰਡੀਗੜ੍ਹ (ਰਾਘਵ): ਪੰਜਾਬ ਵਿਚ ਭਿਆਨਕ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਤਾਪਮਾਨ ਵਿਚ ਲਗਾਤਾਰ ਹੋ ਰਿਹਾ ਵਾਧਾ ਲੋਕਾਂ ਲਈ ਜਾਨਲੇਵਾ ਵੀ ਸਾਬਿਤ ਹੋਣ ਲੱਗ ਪਿਆ ਹੈ। ਕੱਲ੍ਹ ਅੰਮ੍ਰਿਤਸਰ, ਲੁਧਿਆਣਾ, ਜਲੰਧਰ (ਆਦਮਪੁਰ), ਹਲਵਾਰਾ, ਬਠਿੰਡਾ ਸਮੇਤ ਕਈ ਸ਼ਹਿਰਾਂ ’ਚ ਭਿਆਨਕ ਲੂ ਦੀ ਸਥਿਤੀ ਵੇਖਣ ਨੂੰ ਮਿਲੀ। ਸੂਬੇ ਦਾ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਬਠਿੰਡਾ 'ਚ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਭਿਆਨਕ ਲੂ (ਹੀਟ ਵੇਵ) ਨੂੰ ਲੈ ਕੇ ‘ਰੈੱਡ ਅਲਰਟ’ ਜਾਰੀ ਕੀਤਾ ਹੈ।

ਲੰਘੇ ਦਿਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਅਤੇ ਬਠਿੰਡਾ ਪੰਜਾਬ ਦੇ ਸਭ ਤੋਂ ਗਰਮ ਸ਼ਹਿਰ ਰਹੇ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ, ਗੁਰਦਾਸਪੁਰ ’ਚ 44.5, ਪਟਿਆਲਾ ’ਚ 43.6, ਪਠਾਨਕੋਟ ’ਚ 43.4, ਅਬੋਹਰ ’ਚ 44.1, ਜਦੋਂ ਕਿ ਜਲੰਧਰ ’ਚ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ, ਲੰਘੇ ਦਿਨ ਦੇ ਮੁਕਾਬਲੇ ਕੱਲ੍ਹ ਕਈ ਸ਼ਹਿਰਾਂ ’ਚ ਲੂ ਦਾ ਕਹਿਰ ਜ਼ਿਆਦਾ ਰਿਹਾ। ਉੱਥੇ ਹੀ, ਰਾਜਸਥਾਨ ਦੇ ਸ਼੍ਰੀਗੰਗਾਨਗਰ ’ਚ ਤਾਪਮਾਨ 48 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 6.5 ਡਿਗਰੀ ਵੱਧ ਹੈ।

ਮੌਸਮ ਵਿਭਾਗ ਵੱਲੋਂ 13 ਜੂਨ ਨੂੰ ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ 'ਚ ਲੂ ਦਾ Red Alert ਜਾਰੀ ਕੀਤਾ ਗਿਆ ਹੈ। ਉੱਥੇ ਹੀ ਬਾਕੀ ਜ਼ਿਲ੍ਹਿਆਂ ਵਿਚ ਵੀ ਅੱਜ ਲੂ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਨੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ Warm Night Alert ਜਾਰੀ ਕੀਤਾ ਹੈ, ਜਿਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਰਾਤ ਵੇਲੇ ਵੀ ਤਾਪਮਾਨ ਵਿਚ ਜ਼ਿਆਦਾ ਗਿਰਾਵਟ ਨਹੀਂ ਆਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ’ਚ ਉੱਤਰ-ਪੱਛਮੀ ਭਾਰਤ ’ਚ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀ ਲਹਿਰ ਦੀਆਂ ਸਥਿਤੀਆਂ 13 ਜੂਨ ਤੱਕ ਜਾਰੀ ਰਹਿਣ ਤੇ ਉਸ ਤੋਂ ਬਾਅਦ ਘੱਟ ਹੋਣ ਦੇ ਆਸਾਰ ਹਨ। 14 ਤੋਂ 17 ਜੂਨ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ’ਚ ਗਰਜ, ਬਿਜਲੀ ਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਵਿਚ ਹੀ ਬਾਰਿਸ਼ ਹੋਵੇਗੀ, ਪਰ ਉਸ ਨਾਲ ਬਾਕੀ ਜ਼ਿਲ੍ਹਿਆਂ ਦੇ ਤਾਪਮਾਨ ਵਿਚ ਹਲਕੀ ਗਿਰਾਵਟ ਆਉਣ ਦੀ ਆਸ ਜਤਾਈ ਜਾ ਰਹੀ ਹੈ।

More News

NRI Post
..
NRI Post
..
NRI Post
..