ਬਟਾਲਾ (ਰਾਘਵ): ਨਸ਼ੇ ਦੀ ਸਮੱਸਿਆ ਦਿਨੋਂਦਿਨ ਗੰਭੀਰ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਬਟਾਲਾ ਦੇ ਸ਼ੁਕਰਪੁਰਾ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ 25 ਸਾਲਾ ਨੌਜਵਾਨ ਸਾਗਰ ਦੀ ਮੌਤ ਹੋ ਗਈ। ਮ੍ਰਿਤਕ ਸਾਗਰ ਇਕ 2 ਸਾਲ ਦੀ ਬੱਚੀ ਦਾ ਪਿਤਾ ਸੀ ਅਤੇ ਆਪਣੀ ਬਜ਼ੁਰਗ ਵਿਧਵਾ ਮਾਂ ਦਾ ਇੱਕੋ-ਇੱਕ ਸਹਾਰਾ ਸੀ। ਸਾਗਰ ਦੀ ਮੌਤ ਬਾਅਦ ਪਰਿਵਾਰ ਦੀ ਮਾਲੀ ਹਾਲਤ ਇੰਨੀ ਖਰਾਬ ਹੈ ਕਿ ਉਸ ਦੀ ਮਾਂ ਆਪਣੇ ਪੁੱਤ ਦੇ ਅੰਤਿਮ ਸੰਸਕਾਰ ਲਈ ਲੋਕਾਂ ਕੋਲੋਂ ਮਦਦ ਦੀ ਗੁਹਾਰ ਲਾ ਰਹੀ ਹੈ। ਇਲਾਕਾ ਵਾਸੀਆਂ ਨੇ ਗਹਿਰੀ ਚਿੰਤਾ ਜਤਾਈ ਹੈ ਕਿ ਸ਼ੁਕਰਪੁਰਾ ਡੇਰਾ ਰੋਡ 'ਤੇ ਸ਼ਰੇਆਮ ਨਸ਼ਾ ਵੇਚਿਆ ਜਾਂਦਾ ਹੈ, ਜਿੱਥੇ ਨਸ਼ਾ ਵੇਚਣ ਅਤੇ ਖਰੀਦਣ ਲਈ ਬਾਹਰੋਂ ਆਉਣ ਵਾਲਿਆਂ ਦੀ ਆਵਾਜਾਈ ਸਧਾਰਨ ਗੱਲ ਬਣੀ ਹੋਈ ਹੈ। ਇਲਾਕੇ ਵਿੱਚ ਨਸ਼ੇ ਦੀ ਸਪਲਾਈ ਅਤੇ ਖੁੱਲ੍ਹੇ ਤੌਰ ਤੇ ਹੋ ਰਹੀ ਵਿਕਰੀ ਨੂੰ ਰੋਕਣ ਲਈ ਠੋਸ ਅਤੇ ਤਤਕਾਲ ਕਾਰਵਾਈ ਦੀ ਲੋੜ ਹੈ।



