ਫਿਰੋਜ਼ਪੁਰ (ਰਾਘਵ): ਫਿਰੋਜ਼ਪੁਰ ਦੇ ਨੇੜੇ ਮੋਗਾ ਰੋਡ ’ਤੇ ਸੜਕ ਹਾਦਸੇ ’ਚ ਕੰਪਿਊਟਰ ਅਧਿਆਪਕਾ ਨੈਨਸੀ ਜੈਨ ਪਤਨੀ ਵਿਸ਼ਾਲ ਜੈਨ ਵਾਸੀ ਫਿਰੋਜ਼ਪੁਰ ਛਾਉਣੀ ਦੀ ਮੌਤ ਹੋ ਗਈ। ਸੜਕ ਹਾਦਸੇ ਦੇ ਸਬੰਧੀ ਮ੍ਰਿਤਕਾ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਇਕ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੈਨਸੀ ਜੈਨ ਦੇ ਭਰਾ ਦੀਪਾਕਰ ਪੁੱਤਰ ਸਵਿਜੇ ਕੁਮਾਰ ਵਾਸੀ ਫਿਰੋਜ਼ਪੁਰ ਛਾਉਣੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਬੀਤੀ ਦੁਪਹਿਰ ਕਰੀਬ 2:00 ਵਜੇ ਉਸ ਦੀ ਭੈਣ ਨੈਨਸੀ ਆਪਣੀ ਐਕਟਿਵਾ ’ਤੇ ਸੁਰਜੀਤ ਮੈਮੋਰੀਅਲ ਸਕੂਲ ਮੋਗਾ ਰੋਡ ’ਤੇ ਆਪਣੇ ਬੱਚੇ ਦੀ ਐਡਮਿਸ਼ਨ ਸਬੰਧੀ ਪੁੱਛਣ ਜਾ ਰਹੀ ਸੀ ਅਤੇ ਜਦੋਂ ਉਹ ਬਸਤੀ ਭਾਗ ਸਿੰਘ ਵਾਲੀ ਨੇੜੇ ਪਹੁੰਚੀ ਤਾਂ ਮੋਗਾ ਸਾਈਡ ਤੋਂ ਇਕ ਤੇਜ਼ ਰਫਤਾਰ ਕਾਰ ਆਈ, ਜਿਸ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਉਸ ਦੀ ਭੈਣ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਅਤੇ ਕਾਰ ਭਜਾ ਕੇ ਲੈ ਗਿਆ ਅਤੇ ਨੈਨਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੈਨਸੀ ਫਿਰੋਜ਼ਪੁਰ ਦੇ ਇਤਿਹਾਸਕ ਪਿੰਡ ਬਜੀਦਪੁਰ ਦੇ ਸਰਕਾਰੀ ਸਕੂਲ ’ਚ ਕੰਪਿਊਟਰ ਅਧਿਆਪਕਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਨ ਉਪਰੰਤ ਵਾਹਨ ਚਾਲਕ ਦੀ ਭਾਲ ਕੀਤੀ ਰਹੀ ਹੈ।



