ਇਟਾਵਾ (ਰਾਘਵ) : ਬਿਹਾਰ ਤੋਂ ਦਿੱਲੀ ਜਾ ਰਹੀ ਇਕ ਡਬਲ ਡੈਕਰ ਬੱਸ ਵੀਰਵਾਰ ਤੜਕੇ ਸੈਫਈ ਇਲਾਕੇ 'ਚ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਕੰਟਰੋਲ ਗੁਆ ਬੈਠੀ ਅਤੇ ਡੂੰਘੇ ਟੋਏ 'ਚ ਜਾ ਡਿੱਗੀ, ਜਿਸ ਕਾਰਨ ਬੱਸ 'ਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 50 ਦੇ ਕਰੀਬ ਯਾਤਰੀ ਜ਼ਖਮੀ ਹੋ ਗਏ।
ਸੀਨੀਅਰ ਪੁਲਸ ਕਪਤਾਨ ਬ੍ਰਿਜੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਬੱਸ 'ਚ ਸਵਾਰ ਨੇਪਾਲ ਨਿਵਾਸੀ ਸ਼ੈਦਾ (22) ਅਤੇ ਬਿਹਾਰ ਦੇ ਦਰਭੰਗਾ ਜ਼ਿਲੇ ਦੇ ਰਾਮਪੁਰ ਡੀਹ ਨਿਵਾਸੀ ਮਨੋਜ ਕੁਮਾਰ (52) ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀਵਾਸਤਵ ਨੇ ਦੱਸਿਆ ਕਿ ਬੇਕਾਬੂ ਬੱਸ ਪਲਟ ਕੇ ਡੂੰਘੇ ਟੋਏ 'ਚ ਡਿੱਗਣ ਤੋਂ ਬਾਅਦ ਬੱਸ 'ਚ ਸਵਾਰ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੇ ਪੁਲਸ ਅਤੇ ਹਾਈਵੇ ਸੇਫਟੀ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਸੈਫਈ ਥਾਣਾ ਪੁਲਸ ਅਤੇ ਹਾਈਵੇ ਸੇਫਟੀ ਪੈਟਰੋਲਿੰਗ ਮੁਲਾਜ਼ਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬੱਸ 'ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸੈਫਈ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਬੱਸ ਵਿੱਚ 80 ਦੇ ਕਰੀਬ ਸਵਾਰੀਆਂ ਸਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਡਰਾਈਵਰ ਦੇ ਨੀਂਦ ਆਉਣ ਕਾਰਨ ਵਾਪਰਿਆ ਹੈ। ਸੈਫ਼ਈ ਮੈਡੀਕਲ ਯੂਨੀਵਰਸਿਟੀ ਵੱਲੋਂ 52 ਜ਼ਖ਼ਮੀ ਯਾਤਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਬੱਸ ਡਰਾਈਵਰ ਰਾਮਪ੍ਰਵੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਸ ਦੇ ਅੱਗੇ ਚੱਲ ਰਹੇ ਵਾਹਨ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਤੋਂ ਬਾਅਦ ਬੱਸ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਿੱਚ ਐਕਸਪ੍ਰੈਸ ਵੇਅ ਤੋਂ ਹੇਠਾਂ ਜਾ ਡਿੱਗੀ।



