ਕਪੂਰਥਲਾ (ਰਾਘਵ): ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਦਵਿੰਦਰਬੀਰ ਸਿੰਘ ਮੁੱਖ ਅਫ਼ਸਰ ਥਾਣਾ ਢਿੱਲਵਾਂ ਦੀ ਅਗਵਾਈ ਹੇਠ ਏ. ਐੱਸ. ਆਈ. ਪਰਮਜੀਤ ਸਿੰਘ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਦਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਜਦੋਂ ਏ. ਐੱਸ. ਆਈ. ਪਰਮਜੀਤ ਸਿੰਘ ਆਪਣੇ ਸਾਥੀਆਂ ਨਾਲ ਗਸ਼ਤ ਦੌਰਾਨ ਅਨਾਜ ਮੰਡੀ ਢਿੱਲਵਾਂ ਨੇੜੇ ਪਹੁੰਚੇ ਤਾਂ ਮੰਡੀ ਵਿੱਚ ਜਗਦੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਇਕ ਨੌਜਵਾਨ ਸੜਕ ਦੇ ਕਿਨਾਰੇ ਖੜ੍ਹਾ ਦਿਖਾਈ ਦਿੱਤਾ। ਸ਼ੱਕ ਹੋਣ 'ਤੇ ਉਸ ਨੂੰ ਫੜ ਲਿਆ ਗਿਆ ਅਤੇ ਉਸ ਦਾ ਨਾਮ ਅਤੇ ਪਤਾ ਪੁੱਛਿਆ ਗਿਆ।
ਉਸ ਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਉਰਫ਼ ਨੰਨੂ ਪੁੱਤਰ ਜਗਜੀਤ ਸਿੰਘ ਵਾਸੀ ਪੱਤੀ ਰਾਮੂ ਕੀ ਥਾਣਾ ਢਿਲਵਾਂ ਵਜੋਂ ਦੱਸੀ। ਤਲਾਸ਼ੀ ਦੌਰਾਨ ਉਸ ਕੋਲੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਭਾਰ ਕਰਨ 'ਤੇ 06 ਗ੍ਰਾਮ ਪਾਇਆ ਗਿਆ। ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਢਿੱਲਵਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



