ਸੰਗਰੂਰ (ਨੇਹਾ): ਨਜ਼ਦੀਕੀ ਪਿੰਡ ਉੱਪਲੀ ਵਿਚ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਫਟ ਗਿਆ। ਹਾਦਸੇ ਵਿਚ ਜਿੱਥੇ ਘਰ ਦੇ ਮੁਖੀ ਦੀ ਮਲਬੇ ਥੱਲੇ ਦਬਣ ਕਾਰਨ ਮੌਤ ਹੋ ਗਈ, ਉਥੇ ਹੀ ਉਸਦੀ ਪਤਨੀ ਤੇ ਪੁੱਤ ਜ਼ਖ਼ਮੀ ਹੋ ਗਏ। ਗੰਭੀਰ ਹਾਲਤ ’ਚ ਪੁੱਤਰ ਨੂੰ ਸਿਵਲ ਹਸਪਤਾਲ ਸੰਗਰੂਰ ਭਰਤੀ ਕਰਵਾਇਆ ਗਿਆ। ਸਰਪੰਚ ਜੰਗੀਰ ਸਿੰਘ, ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਾ ਕਰਮੀਤ ਸਿੰਘ (55) ਸਕੂਲ ਵੈਨ ਵਿਚ ਕੰਡਕਟਰ ਦਾ ਕੰਮ ਕਰਦਾ ਸੀ। ਉਸਦੀ ਪਤਨੀ ਹਰਦੀਪ ਕੌਰ (50) ਐਤਵਾਰ ਨੂੰ ਸਵੇਰੇ ਉਠਕੇ ਜਿਵੇ ਹੀ ਚਾਹ ਬਣਾਉਣ ਦੇ ਲਈ ਰਸੋਈ ਵਿਚ ਗਈ ਅਤੇ ਗੈਸ ਚਲਾਇਆ ਕਿ ਅਚਾਨਕ ਗੈਸ ਸਿਲੰਡਰ ਫਟ ਜਾਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਇਨ੍ਹਾਂ ਖ਼ਤਰਨਾਕ ਸੀ ਕਿ ਰਸੋਈ ਦੀ ਛੱਤ ਉੱਡ ਗਈ ਅਤੇ ਕੰਧਾਂ ਵੀ ਗਿਰ ਗਈਆਂ।
ਰਸੋਈ ਦੇ ਬਾਹਰ ਵਿਹੜੇ ਵਿਚ ਸੁੱਤੇ ਪਏ ਕਰਮਜੀਤ ਸਿੰਘ ਤੇ ਉਸਦੇ ਪੁੱਤਰ ’ਤੇ ਕੰਧ ਦਾ ਮਲਬਾ ਡਿੱਗਰਣ ਕਾਰਨ ਕਰਮਜੀਤ ਮਲਬੇ ਹੇਠਾਂ ਦੱਬ ਗਿਆ। ਜਿਸਦੀ ਮੌਤ ਹੋ ਗਈ। ਧਮਾਕੇ ਦੀ ਅਵਾਜ਼ ਸੁਣਕੇ ਗੁਆਂਢੀ ਜਦੋਂ ਕਰਮਜੀਤ ਦੇ ਘਰ ਪੁੱਜੇ ਤਾਂ ਉਨ੍ਹਾਂ ਕਰਮਜੀਤ ਸਿੰਘ ਨੂੰ ਮਲਬੇ ਹੇਠੋ ਕੱਢਿਆ, ਪ੍ਰੰਤੂ ਉਸਦੀ ਮੌਤ ਹੋ ਚੁਕੀ ਸੀ। ਹਰਦੀਪ ਕੌਰ ਦੇ ਵੀ ਸਿਰ ’ਤੇ ਸੱਟ ਵੱਜੀ ਅਤੇ ਪੁੱਤਰ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ। ਸਰਪੰਚ ਜੰਗੀਰ ਸਿੰਘ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਖ਼ਰਾਬ ਹੈ। ਪਰਿਵਾਰ ਦੀ ਸਾਰੀ ਜਿੰਮੇਵਾਰੀ ਕਰਮਜੀਤ ਸਿੰਘ ਦੇ ਸਿਰ ’ਤੇ ਸੀ। ਕਰਮਜੀਤ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਪਰਿਵਾਰ ਆਪਣਾ ਗੁਜਾਰਾ ਕਰ ਸਕੇ।



