ਸਂਗਰੂਰ (ਰਾਘਵ): ਨਿੱਜੀ ਕਾਲਜ ਦੀ ਬੱਸ ਹੇਠ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਕ੍ਰਿਸ਼ਨਾ ਦੇ ਪਤੀ ਕ੍ਰਿਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੰਡਵੀ ਥਾਣਾ ਖਨੌਰੀ ਵੱਲੋਂ ਲਿਖਵਾਏ ਗਏ ਬਿਆਨਾਂ ਅਨੁਸਾਰ ਉਹ ਆਪਣੀ ਪਤਨੀ ਕ੍ਰਿਸ਼ਨਾ ਨਾਲ ਟੋਹਾਣਾ ਦਵਾਈ ਲੈਣ ਗਏ ਸਨ। ਜਦੋਂ ਉਹ ਦਵਾਈ ਲੈ ਕੇ ਵਾਪਸ ਆ ਰਹੇ ਸਨ ਤਾਂ ਪਿੰਡ ਮਨਿਆਣਾ ਤੋਂ ਥੋੜਾ ਅੱਗੇ ਨੇੜੇ ਫੁਲਦ ਕੋਠੀ ਕੋਲ ਖੋਖਰ ਵਾਲੇ ਚੌਕ ਪਾਸ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਸਕੂਲ ਬੱਸ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਉਸ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸੜਕ ਕੰਢੇ ਡਿੱਗ ਪਿਆ ਅਤੇ ਬੱਸ ਉਸ ਦੀ ਪਤਨੀ ਕ੍ਰਿਸ਼ਨਾ ਨੂੰ ਘੜੀਸਦੀ ਹੋਈ ਲੈ ਗਈ ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਵੱਜੀਆਂ ਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ।
ਜਦੋਂ ਉਕਤ ਬੱਸ ਚਾਲਕ ਬੱਸ ਖੜ੍ਹੀ ਕਰ ਉਨ੍ਹਾਂ ਕੋਲ ਆਇਆ ਤਾਂ ਉਸ ਨੇ ਆਪਣਾ ਨਾਂ ਕਾਲਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਬਿਸ਼ਨਪੁਰਾ ਖੋਖਰ ਦੱਸਿਆ ਜੋ ਕ੍ਰਿਸ਼ਨਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਕਿਸ਼ਨ ਸਿੰਘ ਨੇ ਵਾਹਨ ਦਾ ਇੰਤਜ਼ਾਮ ਕਰ ਕੇ ਆਪਣੀ ਪਤਨੀ ਕ੍ਰਿਸ਼ਨਾ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਟੋਹਾਣਾ (ਹਰਿਆਣਾ) ਵਿਖੇ ਦਾਖ਼ਲ ਕਰਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਕਾਰਜਕਾਰੀ ਐੱਸ. ਐੱਚ. ਓ. ਮੂਨਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੱਸ ਡਰਾਈਵਰ ਕਾਲਾ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



