ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਾਊਡਰ, ਡਰੱਗ ਮਨੀ ਸਣੇ 5 ਮੁਲਜ਼ਮ ਗ੍ਰਿਫ਼ਤਾਰ

by nripost

ਰੂਪਨਗਰ (ਰਾਘਵ): ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਜ਼ਿਲ੍ਹਾ ਰੂਪਨਗਰ ਪੁਲਸ ਵੱਲੋਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈਆਂ ਨਿਰੰਤਰ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਸੀਨੀਅਰ ਕਪਤਾਨ ਪੁਲਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਸ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਸ ਰੂਪਨਗਰ ਰੇਂਜ ਰੂਪਨਗਰ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਰੂਪਨਗਰ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹਾ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਵੱਖ-ਵੱਖ ਮੁਕੱਦਮਿਆਂ ’ਚ ਨਸ਼ਾ ਕਰਨ ਦੇ ਆਦੀ 2 ਵਿਅਕਤੀਆਂ ਸਮੇਤ 5 ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 41 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ, 2040 ਡਰੱਗ ਮਨੀ ਬਰਾਮਦ ਕੀਤੀ। ਜ਼ਿਲ੍ਹਾ ਪੁਲਸ ਵੱਲੋਂ ਹਿਮਾਚਲ ਪ੍ਰਦੇਸ਼ ਪੁਲਸ ਨਾਲ ਤਾਲਮੇਲ ਕਰਕੇ ਮਾੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਆਪਰੇਸ਼ਨ ਸੀਲ ਚਲਾਇਆ ਗਿਆ।

ਇਸ ਸਬੰਧੀ ਐੱਸ. ਐੱਸ. ਪੀ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਲਗਾਤਾਰਤਾ ’ਚ ਜ਼ਿਲ੍ਹਾ ਪੁਲਸ ਵੱਲੋਂ ਵੱਖ-ਵੱਖ ਸਥਾਨਾਂ ’ਤੇ ਨਾਕਾਬੰਦੀਆਂ ਅਤੇ ਗਸ਼ਤਾਂ ਰਾਹੀਂ ਨਸ਼ਾ ਸਮੱਗਲਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਥਾਣਾ ਸਦਰ ਰੂਪਨਗਰ ਵੱਲੋਂ ਪ੍ਰਭਜੋਤ ਸਿੰਘ ਉਰਫ਼ ਜੋਤ ਵਾਸੀ ਪਿੰਡ ਧੈਗੜਪੁਰ ਥਾਣਾ ਰਾਹੋਂ ਜ਼ਿਲ੍ਹਾ ਨਵਾਂਸ਼ਹਿਰ ਹਾਲ ਵਾਸੀ ਕਿਰਾਏਦਾਰ ਭੁਪਿੰਦਰ ਸਿੰਘ ਪਿੰਡ ਬੜੀ ਹਵੇਲੀ ਥਾਣਾ ਸਿਟੀ ਰੂਪਨਗਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ, ਥਾਣਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬਲਜਿੰਦਰ ਸਿੰਘ ਉਰਫ਼ ਲਾਡੀ ਵਾਸੀ ਪਿੰਡ ਲੋਧੀਪੁਰ ਅਤੇ ਕੁੰਦਨ ਕੁਮਾਰ ਵਾਸੀ ਅਜਾਮ ਨਗਰ ਕਠਿਹਾਰ ਬਿਹਾਰ ਹਾਲ ਵਾਸੀ ਪਿੰਡ ਲੋਧੀਪੁਰ ਨੂੰ ਗ੍ਰਿਫਤਾਰ ਕਰ ਕੇ ਉਨਾਂ ਕੋਲੋਂ 29 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਅਤੇ 2020 ਡਰੱਗ ਮਨੀ ਬਰਾਮਦ ਕੀਤੀ ਗਈ ਅਤੇ ਥਾਣਾ ਕੀਰਤਪੁਰ ਸਾਹਿਬ ਵੱਲੋਂ ਨਸ਼ਾ ਕਰਨ ਦੇ ਆਦੀ ਮਨਦੀਪ ਸਿੰਘ ਅਤੇ ਦਵਿੰਦਰਪਾਲ ਸਿੰਘ ਉਰਫ਼ ਗੋਨੀ ਵਾਸੀ ਛੋਟੀ ਝੱਖੀਆਂ ਥਾਣਾ ਕੀਰਤਪੁਰ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਪੁਲਸ ਵੱਲੋਂ ਹਿਮਾਚਲ ਪ੍ਰਦੇਸ਼ ਪੁਲਸ ਨਾਲ ਮਿਲ ਕੇ ਆਪ੍ਰੇਸ਼ਨ ਸੀਲ ਚਲਾਇਆ ਗਿਆ, ਜਿਸ ਦੌਰਾਨ 7 ਇੰਟਰਸਟੇਟ ਪੁਆਇੰਟਾ ’ਤੇ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲੇ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਅਤੇ ਮਾੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਵ੍ਹੀਕਲਾ ਦੀ ਚੈਕਿੰਗ ਕੀਤੀ ਗਈ। ਐੱਸ. ਐੱਸ. ਪੀ. ਰੂਪਨਗਰ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ੇ ਵਰਗੀ ਅਲਾਹਮਤ ਨੂੰ ਖ਼ਤਮ ਕਰਨ ਲਈ ਪੁਲਸ ਦਾ ਪੂਰਨ ਤੌਰ ’ਤੇ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਦੇ ਇਲਾਕੇ ’ਚ ਕੋਈ ਵਿਅਕਤੀ ਨਸ਼ਾ ਸਮੱਗਲਿੰਗ ਕਰਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਪੁਲਸ ਦੇ ਨੰਬਰਾਂ ’ਤੇ ਸਾਂਝੀ ਕੀਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

More News

NRI Post
..
NRI Post
..
NRI Post
..