ਚੰਡੀਗੜ੍ਹ (ਰਾਘਵ): ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਲਾਈਵ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਮਹਿਲਾ ਸਰਪੰਚਾਂ ਲਈ ਵੱਡਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਇਹੋ ਜਿਹਾ ਕਦਮ ਚੁੱਕਣ ਜਾ ਰਹੇ ਹਾਂ, ਜਿਸ ਨੂੰ ਕੈਬਨਿਟ 'ਚ ਮਨਜ਼ੂਰੀ ਮਿਲ ਗਈ ਹੈ। 50 ਫ਼ੀਸਦੀ ਰਿਜ਼ਰਵੇਸ਼ਨ ਤਾਂ ਔਰਤਾਂ ਦੀ ਪਹਿਲਾਂ ਹੀ ਸਰਪੰਚੀ 'ਚ ਹੈ। ਇਸ ਤੋਂ ਇਲਾਵਾ ਜਿਹੜੀਆਂ ਮਹਿਲਾ ਸਰਪੰਚ ਚੁਣੀਆਂ ਗਈਆਂ ਹਨ ਅਤੇ ਆਪਣੇ ਪਿੰਡਾਂ ਲਈ ਬਹੁਤ ਵਧੀਆ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਸ੍ਰੀ ਹਜੂਰ ਸਾਹਿਬ ਅਤੇ ਨਾਂਦੇੜ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲਿਜਾਇਆ ਜਾਵੇਗਾ। ਇਸ ਦੇ ਲਈ 4-5 ਟਰੇਨਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਇਨ੍ਹਾਂ ਮਹਿਲਾ ਸਰਪੰਚਾਂ ਨੂੰ ਵੱਖ-ਵੱਖ ਬੈਚਾਂ ਰਾਹੀਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵਲੋਂ ਚੁੱਕਿਆ ਜਾਵੇਗਾ। ਨਾਲ ਦੀ ਨਾਲ ਹੀ ਪੰਚਾਂ-ਸਰਪੰਚਾਂ ਦਾ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ 'ਚ ਹੀ ਲੱਗ ਰਿਹਾ ਹੈ। ਮਹਿਲਾ ਸਰਪੰਚਾਂ ਦੀ 2 ਦਿਨਾਂ ਦੀ ਟ੍ਰੇਨਿੰਗ ਹੋਵੇਗੀ ਅਤੇ 3 ਦਿਨ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਇਹ ਪੂਰਾ ਟੂਰ 5 ਦਿਨਾਂ ਦਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਜਿਹੜੀਆਂ ਮਹਿਲਾ ਸਰਪੰਚਾਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਵਾ ਰਹੀਆਂ ਹਨ, ਉਨ੍ਹਾਂ ਨੂੰ ਇਹ ਸਹੂਲਤ ਮਿਲੇਗੀ।



