ਭਿੱਖੀਵਿੰਡ (ਨੇਹਾ): ਕਸਬਾ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਦੇ ਸੰਚਾਲਕ ਡਾਕਟਰ ਕੋਲੋਂ ਵਿਦੇਸ਼ ਬੈਠੇ ਗੈਂਗਸਟਰ ਵੱਲੋਂ ਇਕ ਕਰੋੜ ਦੀ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਤੀ ਮੰਗਣ ਦਾ ਸਿਲਸਿਲਾ ਮਈ ਮਹੀਨੇ ਤੋਂ ਚੱਲ ਰਿਹਾ ਹੈ। ਜਦੋਂ ਕਿ ਡਾਕਟਰ ਨੂੰ ਫਿਰੋਤੀ ਨਾ ਦੇਣ ਦੀ ਸੂਰਤ ਵਿਚ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਡਾਕਟਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪ੍ਰਭ ਦਾਸੂਵਾਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਨੰਦ ਹਸਪਤਾਲ ਦੇ ਡਾਕਟਰ ਨੀਰਜ ਮਲਹੋਤਰਾ ਪੁੱਤਰ ਪ੍ਰੇਮ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 8 ਜੁਲਾਈ ਨੂੰ ਉਹ ਆਪਣੇ ਹਸਪਤਾਲ ਵਿਚ ਮੌਜੂਦ ਸੀ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਉਸ ਦੇ ਮੋਬਾਈਲ ’ਤੇ ਵਿਦੇਸ਼ੀ ਨੰਬਰ ਤੋਂ ਪ੍ਰਭ ਦਾਸੂਵਾਲ ਦੀ ਵਟਸਐੱਪ ਕਾਲ ਆਈ। ਜਿਸਨੇ ਕਿਹਾ ਕਿ ਉਸ ਨੇ ਪੈਸੇ ਲੈਣੇ ਹਨ, ਭਾਂਵੇ ਜਿੰਨੀ ਮਰਜੀ ਸੁਰੱਖਿਆ ਲੈ ਲਵੇ। ਉਸ ਨੇ ਆਪਣੇ ਆਦਮੀ ਮਰੀਜ ਬਣਾ ਕੇ ਭੇਜ ਕੇ ਹਮਲਾ ਕਰਵਾਉਣ ਦੀ ਧਮਕੀ ਦਿੱਤੀ ਤੇ ਕਿਹਾ ਕਿ ਉਹ ਉਸ ਦਾ ਨੁਕਸਾਨ ਕਰਕੇ ਵੀ ਪਰਿਵਾਰ ਕੋਲੋਂ ਪੈਸੇ ਲਵੇਗਾ।
ਨੀਰਜ ਮਲਹੋਤਰਾ ਨੇ ਸ਼ਿਕਾਇਤ ਵਿਚ ਦੱਸਿਆ ਕਿ 11 ਮਈ ਦੀ ਸ਼ਾਮ ਕਰੀਬ ਪੌਣੇ 8 ਵਜੇ ਅਤੇ 24 ਮਈ ਦੀ ਸ਼ਾਮ ਕਰੀਬ ਪੰਜ ਵਜੇ ਵੀ ਉਸ ਨੂੰ ਪ੍ਰਭ ਦਾਸੂਵਾਲ ਨੇ ਫੋਨ ਕੀਤੇ ਅਤੇ ਉਸ ਕੋਲੋਂ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਨੀਰਜ ਮਲਹੋਤਰਾ ਦੇ ਬਿਆਨਾਂ ’ਤੇ ਪ੍ਰਭ ਦਾਸੂਵਾਲ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚਤ ਏਐੱਸਆਈ ਜਤਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



