ਪਟਿਆਲਾ (ਰਾਘਵ) : ਸਥਾਨਕ ਸ਼ਹਿਰ ਦੇ ਹਾਮਝੇੜੀ ਬਾਈਪਾਸ 'ਤੇ ਪੀ. ਆਰ. ਟੀ. ਸੀ ਦੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਵਾਪਰੇ ਹਾਦਸੇ 'ਚ ਪਤੀ, ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਮ੍ਰਿਤਕਾਂ ਦੇ ਨਾਲ ਸਵਾਰ ਦੋ ਬੱਚੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਜੋੜਾ ਆਪਣੇ ਬੱਚਿਆਂ ਨਾਲ ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਤੋਂ ਇਕ ਹੀ ਮੋਟਰਸਾਈਕਲ 'ਤੇ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਦੇ ਪਿੰਡ ਜਾਲਕੀਆਂ ਨੂੰ ਸਵੇਰੇ ਸਵੇਰੇ ਜਾ ਰਿਹਾ ਸੀ।
ਇਸ ਦੌਰਾਨ ਪਾਤੜਾਂ ਸ਼ਹਿਰ ਨੇੜੇ ਪਿੰਡ ਹਮਝੇੜੀ ਬਾਈਪਾਸ ਉੱਪਰ ਸਰਕਾਰੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਕਾਰਨ ਮੌਕੇ 'ਤੇ ਹੀ ਪਤੀ-ਪਤਨੀ ਪ੍ਰੀਤਮ ਸਿੰਘ ਅਤੇ ਅਮਰਪ੍ਰੀਤ ਕੌਰ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿਚ ਇਕ ਲੜਕੀ ਗੰਭੀਰ ਜ਼ਖਮੀ ਹੋ ਗਈ ਜਦਕਿ ਛੋਟੀ ਬੱਚੀ ਨੂੰ ਮਾਮੂਲੀ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਚ ਅਮਨਪ੍ਰੀਤ ਕੌਰ ਅਤੇ ਛੋਟੀ ਬੱਚੀ ਪ੍ਰਿੰਸੀਆ ਸ਼ਾਮਲ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।



