ਲੁਧਿਆਣਾ (ਰਾਘਵ) : ਸਕੂਲ ਬੰਦ ਹੋਣ ਸਮੇਂ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਦੇ ਬਾਹਰ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਅਤੇ ਪੀ. ਸੀ. ਆਰ. ਕਰਮਚਾਰੀ ਹੁਣ ਡਿਊਟੀ ’ਤੇ ਹੋਣਗੇ। ਇਸ ਸਬੰਧ ’ਚ ਸੀਨੀਅਰ ਅਧਿਕਾਰੀਆਂ ਵਲੋਂ ਟ੍ਰੈਫਿਕ ਅਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ। ਸ਼ਹਿਰ ਨੂੰ 8 ਜ਼ੋਨਾਂ ’ਚ ਵੰਡਿਆ ਗਿਆ ਹੈ ਅਤੇ ਬਕਾਇਦਾ ਇੰਚਾਰਜ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੂੰ ਸਕੂਲ ਬੰਦ ਹੋਣ ਸਮੇਂ ਨਿੱਜੀ ਤੌਰ ’ਤੇ ਸਕੂਲਾਂ ’ਚ ਪਹੁੰਚਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਸਕੂਲ ਦੇ ਬਾਹਰ ਟ੍ਰੈਫਿਕ ਜਾਮ ਨਾ ਹੋਣ ਦੇਣ।
ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਿਯਮਾਂ ਅਨੁਸਾਰ ਪਾਰਕਿੰਗ ’ਚ ਆਪਣੇ ਵਾਹਨ ਪਾਰਕ ਕਰਨ ਤਾਂ ਜੋ ਵਾਹਨਾਂ ਕਰਕੇ ਸੜਕ 'ਤੇ ਕਿਸੇ ਤਰ੍ਹਾਂ ਦਾ ਜਾਮ ਨਾ ਲੱਗੇ ਅਤੇ ਸਕੂਲੀਂ ਬੱਚਿਆਂ ਅਤੇ ਹੋਰ ਵਾਹਨ ਚਾਲਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਟ੍ਰੈਫਿਕ ਪੁਲਸ ਨੇ ਬੱਸ ਡਰਾਈਵਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣੇ ਵਾਹਨ ਸਿਰਫ ਸੇਫ ਸਕੂਲ ਵਾਹਨ ਨੀਤੀ ਤਹਿਤ ਹੀ ਚਲਾਉਣ ਅਤੇ ਆਪਣੇ ਸਾਰੇ ਦਸਤਾਵੇਜ਼ ਪੂਰੇ ਰੱਖਣ, ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।



