ਦੀਨਾਨਗਰ (ਰਾਘਵ): ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਖੇਤਰ ਵਿਚੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਬੀਐੱਸਐੱਫ ਨੇ ਨਾਕਾਮ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 58 ਬਟਾਲੀਅਨ ਨੇ ਬੀਓਪੀ ਚੌਂਤਰਾ ਦੇ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ 'ਤੇ ਲੱਗੀ ਵਾੜ ਪਿੱਛੋਂ ਕਾਬੂ ਕੀਤਾ ਹੈ।
ਇਹ ਘਟਨਾ ਅੱਜ ਸਵੇਰੇ ਕਰੀਬ 7:30 ਵਜੇ ਦੀ ਦੱਸੀ ਜਾ ਰਹੀ ਹੈ। ਪਕੜੇ ਗਏ ਵਿਅਕਤੀ ਦੀ ਉਮਰ ਲਗਭਗ 40 ਸਾਲ ਹੈ। ਫੜੇ ਗਏ ਵਿਅਕਤੀ ਨੂੰ ਬੀਐੱਸਐੱਫ ਨੇ ਤੁਰੰਤ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਧਿਕਾਰਕ ਤੌਰ 'ਤੇ ਹਾਲੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ, ਨਾ ਹੀ ਇਹ ਸਪਸ਼ੱਟ ਹੋਇਆ ਕਿ ਉਹ ਕਿਸ ਮਨਸੂਬੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐੱਸਐੱਫ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ ਤੇ ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।



