ਚੰਡੀਗੜ੍ਹ (ਰਾਘਵ): ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ 5 ਦਿਨਾਂ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਗਈ ਹੈ। ਪੰਜਾਬ 'ਚ 17 ਜੁਲਾਈ ਤੋਂ 19 ਜੁਲਾਈ 2025 ਤੱਕ ਵੱਖ-ਵੱਖ ਇਲਾਕਿਆਂ ਵਿੱਚ ਹਲਕੀ ਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਤਾਜ਼ਾ ਮੌਸਮ ਚੇਤਾਵਨੀ ਜਾਰੀ ਕਰਦਿਆਂ ਮਾਨਸਾ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੂਪਨਗਰ ਅਤੇ ਹੁਸ਼ਿਆਰਪੁਰ ਵਿੱਚ ਦਰਮਿਆਨੀ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਵੱਡੇ ਹਿੱਸਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 17 ਜੁਲਾਈ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਮੋਗਾ, ਫਰੀਦਕੋਟ, ਲੁਧਿਆਣਾ, ਬਰਨਾਲਾ, ਮਾਨਸਾ, ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ 18 ਤੇ 19 ਜੁਲਾਈ ਨੂੰ ਮੀਂਹ ਦਾ ਪੱਧਰ ਘੱਟ ਜਾਵੇਗਾ ਪਰ ਕੁਝ ਜ਼ਿਲ੍ਹਿਆਂ ਜਿਵੇਂ ਪਠਾਨਕੋਟ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਤੇਜ਼ ਹਨ੍ਹੇਰੀ ਤੇ ਬਿਜਲੀ ਲਿਸ਼ਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ।



