ਚੰਡੀਗੜ੍ਹ (ਰਾਘਵ): ਪੰਜਾਬ ਦਾ ਮੌਸਮ ਇਕ ਵਾਰ ਫ਼ਿਰ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ੍ਹ ਸੂਬੇ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਸੰਘਣੇ ਬੱਦਲ ਵੀ ਬਣੇ ਹੋਏ ਹਨ ਤੇ ਕਈ ਥਾਈਂ ਬਾਰਿਸ਼ ਵੀ ਹੋ ਰਹੀ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਵੀ ਸੂਬੇ ਵਿਚ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲਦਾ ਰਹੇਗਾ।
ਦਰਅਸਲ, ਇਕ ਨਵਾਂ ਪੱਛਮੀ ਪ੍ਰਭਾਅ ਸਰਗਰਮ ਹੋ ਚੁੱਕਿਆ ਹੈ, ਜਿਸ ਦਾ ਅਸਰ ਅੱਜ ਤੋਂ ਪੰਜਾਬ ਦੇ ਮੌਸਮ 'ਤੇ ਵੀ ਵੇਖਣ ਨੂੰ ਮਿਲੇਗਾ। ਇਸ ਤਹਿਤ ਅੱਜ ਸੂਬੇ ਭਰ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ, ਪਰ ਸੂਬੇ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਅਸਰ ਸਭ ਤੋਂ ਵੱਧ ਵੇਖਣ ਨੂੰ ਮਿਲੇਗਾ। ਵਿਭਾਗ ਨੇ ਅੱਜ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਐੱਸ. ਏ. ਐੱਸ. ਨਗਰ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਕਈ ਜ਼ਿਲ੍ਹਿਆਂ ਵਿਚ ਮੀਂਹ ਦੇ ਨਾਲ-ਨਾਲ ਹਨੇਰੀ ਤੇ ਅਸਮਾਨੀ ਬਿਜਲੀ ਦੀ ਸੰਭਾਵਨਾ ਜਤਾਉਂਦਿਆਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।



