Punjab: ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ

by nripost

ਲੁਧਿਆਣਾ (ਰਾਘਵ): ਸੰਗੋਵਾਲ ਨੇੜੇ ਵਾਪਰੇ ਦਰਦਨਾਕ ਹਾਦਸੇ ਦੌਰਾਨ 39 ਸਾਲ ਦੀ ਔਰਤ ਦੀ ਮੌਤ ਹੋ ਗਈ। ਇਸ ਭਿਆਨਕ ਸੜਕ ਹਾਦਸੇ ਦੇ ਦੌਰਾਨ ਉਸ ਦੀ ਮਾਸੂਮ ਬੱਚੀ ਵਾਲ-ਵਾਲ ਬਚ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਫੁੱਲਾਂਵਾਲ ਦੇ ਰਹਿਣ ਵਾਲੇ ਗੁਲਵੰਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਵਨਦੀਪ ਕੌਰ (39) ਦਾ ਪਤੀ ਦੋਹਰਾ ਕਤਰ ਵਿੱਚ ਰਹਿੰਦਾ ਹੈ।

ਘਰੇਲੂ ਜਰੂਰਤ ਦਾ ਸਮਾਨ ਉਹ ਖੁਦ ਹੀ ਖਰੀਦਣ ਲਈ ਬਾਜ਼ਾਰ ਜਾਂਦੀ ਹੈ। ਬੀਤੇ ਦਿਨ ਗੁਲਵੰਤ ਸਿੰਘ ਦੀ ਬੇਟੀ ਰਵਨਦੀਪ ਕੌਰ ਆਪਣੀ ਵੱਡੀ ਬੇਟੀ ਨੂੰ ਘਰ ਛੱਡ ਕੇ ਛੋਟੀ ਬੇਟੀ ਨਾਲ ਸਕੂਟਰ 'ਤੇ ਸਵਾਰ ਹੋ ਕੇ ਬਾਜ਼ਾਰ ਜਾ ਰਹੀ ਸੀ। ਉਹ ਜਿਵੇਂ ਹੀ ਸੰਗੋਵਾਲ ਨੇੜੇ ਪੈਦੇ ਡੀ ਮਾਟ ਕੋਲ ਪਹੁੰਚੀ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਉਸ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸੜਕ 'ਤੇ ਡਿੱਗਦੇ ਹੀ ਰਵਨਦੀਪ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬੁਰੀ ਤਰ੍ਹਾਂ ਫੱਟੜ ਹੋਈ ਔਰਤ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਹਾਦਸੇ ਦੇ ਦੌਰਾਨ ਰਵਨਦੀਪ ਦੀ ਬੇਟੀ ਦੇ ਮਾਮੂਲੀ ਝਰੀਟਾਂ ਆਈਆਂ ਹਨ।