Punjab: ਨਸ਼ੇ ਦੀ ਓਵਰਡੋਜ਼ ਕਾਰਨ 32 ਸਾਲਾਂ ਨੌਜਵਾਨ ਦੀ ਮੌਤ

by nripost

ਤਰਨਤਾਰਨ (ਰਾਘਵ): ਜ਼ਿਲ੍ਹੇ ਅਧੀਨ ਆਉਂਦੇ ਪਿੰਡ ਤੁੜ ਵਿਖੇ ਨਸ਼ੇ ਦਾ ਟੀਕਾ ਲਗਾਉਣ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ’ਚ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਇੱਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ, ਪੂਰਨ ਸਿੰਘ ਵਾਸੀ ਪਿੰਡ ਤੁੜ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ 20 ਜੁਲਾਈ ਨੂੰ ਜਦੋਂ ਉਹ ਘਰ ’ਚ ਮੌਜੂਦ ਨਹੀਂ ਸੀ ਤਾਂ ਘਰ ’ਚ ਉਸ ਦਾ ਲੜਕਾ ਚਮਕੌਰ ਸਿੰਘ (32) ਜੋ ਕੁਆਰਾ ਹੈ, ਮੌਜੂਦ ਸੀ। ਇਸ ਦੌਰਾਨ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਸਾਡੇ ਘਰ ’ਚ ਆਏ ਅਤੇ ਉਸ ਦੇ ਬੇਟੇ ਦੇ ਕਮਰੇ ’ਚ ਚਲੇ ਗਏ। ਕੁਝ ਦੇਰ ਬਾਅਦ ਦੋਵੇਂ ਘਰ ਤੋਂ ਚਲੇ ਗਏ। ਜਦੋਂ ਉਹ ਆਪਣੇ ਘਰ ਪੁੱਜਾ ਤਾਂ ਉਸਨੇ ਬੇਟੇ ਨੂੰ ਆਵਾਜ਼ ਮਾਰੀ, ਜਿਸ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਜਦੋਂ ਉਹ ਕਮਰੇ ਵਿਚ ਗਿਆ ਤਾਂ ਉਸਨੇ ਵੇਖਿਆ ਕਿ ਉਸ ਦਾ ਬੇਟਾ ਚਮਕੌਰ ਸਿੰਘ ਤੜਫ ਰਿਹਾ ਸੀ। ਜਦੋਂ ਉਸ ਨੇ ਚਮਕੌਰ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਭਿੰਦੇ ਅਤੇ ਮੰਗੇ ਨੇ ਮੈਨੂੰ ਜ਼ਿਆਦਾ ਨਸ਼ੇ ਵਾਲਾ ਟੀਕਾ ਲਗਾ ਦਿੱਤਾ ਹੈ ਅਤੇ ਸਰਿੰਜ ਵੀ ਉਸ ਦੇ ਕੋਲ ਪਈ ਸੀ। ਜਦੋਂ ਉਸ ਨੇ ਆਪਣੇ ਬੇਟੇ ਚਮਕੌਰ ਸਿੰਘ ਨੂੰ ਗੰਭੀਰ ਹਾਲਤ ’ਚ ਤਰਨਤਾਰਨ ਦੇ ਇਕ ਹਸਪਤਾਲ ’ਚ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਦੇ ਪਿਤਾ ਪੂਰਨ ਸਿੰਘ ਦੇ ਬਿਆਨਾਂ ਹੇਠ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਤੁੜ ਖਿਲਾਫ ਪਰਚਾ ਦਰਜ ਕਰਦੇ ਹੋਏ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

More News

NRI Post
..
NRI Post
..
NRI Post
..