ਬਠਿੰਡਾ (ਨੇਹਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਦੇ ਚਾਰ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ 11 ਲੋਕਾਂ ਦੀ ਜਾਨ ਬਚਾਈ। ਇਸ ਮੌਕੇ ਬਠਿੰਡਾ ਦੀ ਐੱਸਐੱਸਪੀ ਅਮਨੀਤ ਕੌਂਡਲ ਦੇ ਨਾਲ-ਨਾਲ ਪੀਸੀਆਰ ਟੀਮ ਦੇ ਮੈਂਬਰ ਏਐਸਆਈ ਰਾਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਸੀਨੀਅਰ ਸਿਪਾਹੀ ਜਸਵੰਤ ਸਿੰਘ ਅਤੇ ਮਹਿਲਾ ਸੀਨੀਅਰ ਸਿਪਾਹੀ ਹਰਪਾਲ ਕੌਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਉਨ੍ਹਾਂ ਦੀ ਇਸ ਬਹਾਦਰੀ ਲਈ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਜਦੋਂ ਸਵੇਰੇ ਸਰਹਿੰਦ ਨਹਿਰ ਦੇ ਬਹਮਣ ਪੁਲ ਨੇੜੇ 5 ਬੱਚਿਆਂ ਸਮੇਤ 11 ਲੋਕਾਂ ਨਾਲ ਭਰੀ ਇਕ ਕਾਰ ਦਾ ਸੰਤੁਲਨ ਖਰਾਬ ਹੋ ਗਿਆ ਤੇ ਉਹ ਨਹਿਰ 'ਚ ਡੁੱਬਣ ਲੱਗੇ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੀਸੀਆਰ ਟੀਮ ਦੇ ਮੈਂਬਰਾਂ ਨੇ ਤੁਰੰਤ ਕਾਰਵਾਈ ਕੀਤੀ। ਏਐਸਆਈ ਰਾਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਸੀਨੀਅਰ ਸਿਪਾਹੀ ਜਸਵੰਤ ਸਿੰਘ ਅਤੇ ਮਹਿਲਾ ਸੀਨੀਅਰ ਕਾਂਸਟੇਬਲ ਹਰਪਾਲ ਕੌਰ ਨੇ ਸਥਾਨਕ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਅਤੇ ਆਸ-ਪਾਸ ਦੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਪਾਣੀ ਤੋਂ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ।
ਇਸ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਡੀਜੀਪੀ ਕਮੇਂਡੇਸ਼ਨ ਡਿਸਕ ਤੇ ਹਰ ਇਕ ਮੁਲਾਜ਼ਮ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।



