ਬਠਿੰਡਾ : ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਵਿਖੇ ਕਰਜ਼ੇ ਦੇ ਸਤਾਏ ਤਿੰਨ ਧੀਆਂ ਦੇ ਪਿਓ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਪਿੰਡ ਗਹਿਰੀ ਭਾਗੀ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ (50) ਨੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਛੋਟਾ ਜ਼ਿਮੀਂਦਾਰ ਸੀ, ਉਹ ਸਿਰਫ ਦੋ ਏਕੜ ਜ਼ਮੀਨ ਦਾ ਮਾਲਕ ਸੀ। ਪਿੰਡ ਵਾਸੀਆਂ ਅਨੁਸਾਰ ਕਿਸਾਨ ਨੇ ਸਰਕਾਰੀ ਤੇ ਗ਼ੈਰ ਸਰਕਾਰੀ ਕਰੀਬ 9-10 ਲੱਖ ਰੁਪਏ ਦਾ ਕਰਜ਼ਾ ਦੇਣਾ ਸੀ, ਜਿਸ ਕਾਰਨ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ।
ਮ੍ਰਿਤਕ ਕਿਸਾਨ ਤਿੰਨ ਧੀਆਂ ਦਾ ਪਿਓ ਸੀ। ਕਿਸਾਨ ਨੇ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਪਰੇਸ਼ਾਨੀ ਕਾਰਨ ਕੀੜੇਦਾਰ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਪਤਾ ਚੱਲਣ ’ਤੇ ਪਰਿਵਾਰ ਨੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਡਾਕਟਰਾਂ ਨੇ ਏਮਜ਼ ਹਸਪਤਾਲ ਲਈ ਰੈਫਰ ਕਰ ਦਿੱਤਾ, ਪਰ ਉਥੇ ਪਹੁੰਚਣ ਤੋਂ ਪਹਿਲਾਂ ਰਸਤੇ ’ਚ ਹੀ ਕਿਸਾਨ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਸੁਖਜੀਤ ਕੌਰ (40) ਤੇ ਤਿੰਨ ਧੀਆਂ 17 ਸਾਲ, 15 ਸਾਲ ਤੇ 2 ਸਾਲ ਛੱਡ ਗਿਆ ਹੈ। ਪਿੰਡ ਦੇ ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਧਰਮ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪ੍ਰਰਿਵਾਰ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਬਣਦੀ ਮਾਲੀ ਮਦਦ ਕੀਤੀ ਜਾਵੇ।



