ਬਟਾਲਾ (ਰਾਘਵ): ਬੀਤੀ ਦੇਰ ਸ਼ਾਮ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਣੀਏ-ਕੇ-ਬਾਂਗਰ ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੱਭਾ ਪੁੱਤਰ ਬਾਵਾ ਵਾਸੀ ਪਿੰਡ ਅਠਵਾਲ ਹਾਲ ਵਾਸੀ ਪਿੰਡ ਲੋਧੀਨੰਗਲ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਬੀਤੀ ਦੇਰ ਸ਼ਾਮ ਘਰੋਂ ਬਾਹਰ ਨੂੰ ਆਇਆ ਸੀ। ਜਦੋਂ ਇਹ ਮੇਨ ਸੜਕ ਕਰਾਸ ਕਰ ਰਿਹਾ ਸੀ ਤਾਂ ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਨੂੰ ਜਾ ਰਹੇ ਇਕ ਅਣਪਛਾਤੇ ਵਾਹਨ ਨੇ ਇਸ ਨੂੰ ਫੇਟ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇਹ ਗੰਭੀਰ ਜ਼ਖਮੀ ਹੋ ਗਿਆ।
ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਬਾਰੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਪਰਿਵਾਰਕ ਮੈਂਬਰਾਨ ਨੇ ਉਕਤ ਵਿਅਕਤੀ ਲੱਭਾ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਇਸ ਦੀ ਮੌਤ ਹੋ ਗਈ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਬੌਬੀ ਦੇ ਬਿਆਨ ’ਤੇ ਅਣਪਛਾਤੇ ਵਾਹਨ ਵਿਰੁੱਧ ਥਾਣਾ ਘਣੀਏ ਕੇ ਬਾਂਗਰ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।



