ਫਿਰੋਜ਼ਪੁਰ (ਰਾਘਵ) : ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਲੇਲੀ ਵਾਲਾ ਨੇੜੇ ਬੀਤੇ ਦਿਨ ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਫ਼ਿਰੋਜ਼ਪੁਰ ਦੇ ਏਐੱਸਆਈ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਪਿੰਡ ਲੇਲੀ ਵਾਲਾ ਨੇੜੇ ਵਾਪਰਿਆ, ਜਦੋਂ ਇਕ ਮਾਰੂਤੀ ਸਿਆਜ਼ ਕਾਰ (ਨੰਬਰ ਪੀਬੀ-65 ਏਵੀ-6700) ਅਤੇ ਇਕ ਵੈਨਿਊ ਕਾਰ (ਨੰਬਰ ਪੀਬੀ-03ਬੀਕੇ 2309) ਆਪਸ ਵਿਚ ਟਕਰਾ ਗਈਆਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿਚ ਮੌਕੇ ’ਤੇ ਹੀ ਗੁਰਨਾਮ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਸ ਅਨੁਸਾਰ ਇਹ ਹਾਦਸਾ ਕਥਿਤ ਤੌਰ ’ਤੇ ਤੇਜ਼ ਰਫਤਾਰ ਅਤੇ ਲਾਪਰਵਾਹੀ ਕਾਰਨ ਵਾਪਰਿਆ।
ਮੁੱਢਲੀ ਜਾਂਚ ਤੋਂ ਬਾਅਦ ਮ੍ਰਿਤਕ ਗੁਰਨਾਮ ਸਿੰਘ ਦੇ ਰਿਸ਼ਤੇਦਾਰ ਰਣਜੋਧ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਹਿਮਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



