ਸੁਲਤਾਨਪੁਰ ਲੋਧੀ (ਰਾਘਵ): ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ (25) ਸਪੁੱਤਰ ਸ਼ਿੰਗਾਰਾ ਸਿੰਘ ਵਾਸੀ ਪੰਡੋਰੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਨਵਜੋਤ ਸੁਲਤਾਨਪੁਰ ਲੋਧੀ ਦੇ ਰੋਟਰੀ ਚੌਂਕ ਨੇੜੇ ਦਾ ਵਸਨੀਕ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਚੰਗੇ ਭਵਿੱਖ ਦੀ ਭਾਲ ਵਿਚ ਰੁਜ਼ਗਾਰ ਲਈ ਨਵੰਬਰ 2024 ਵਿਦੇਸ਼ ਦੁਬਈ ਗਿਆ ਸੀ, ਜਿੱਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਪਰ ਬੀਤੇ ਦਿਨੀਂ ਅਚਾਨਕ ਉਸ ਦਾ ਤੇਲ ਵਾਲਾ ਟੈਂਕਰ ਪਲਟ ਜਾਣ ਮਗਰੋਂ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸੁਲਤਾਨਪੁਰ ਲੋਧੀ ’ਚ ਮਾਤਮ ਛਾ ਗਿਆ।
ਹੋਰ ਜਾਣਕਾਰੀ ਅਨੁਸਾਰ ਨੌਜਵਾਨ ਅਜੇ ਕੁਆਰਾ ਸੀ ਅਤੇ ਦੋ ਭੈਣਾ ਦਾ ਇੱਕਲੌਤਾ ਭਰਾ ਸੀ। ਜਿਸ ਉਮਰੇ ਨੌਜਵਾਨ ਦੇ ਘਰ ਵਿਚ ਸ਼ਹਿਨਾਈਆਂ ਵੱਜਣੀਆਂ ਚਾਹੀਦੀਆਂ ਸਨ ਪਰ ਇਸ ਮੰਦਭਾਗੀ ਘਟਨਾ ਤੋਂ ਬਾਅਦ ਉੱਥੇ ਸੱਥਰ ਵਿੱਚ ਗਏ ਹਨ। ਮ੍ਰਿਤਕ ਨੌਜਵਾਨ ਦਾ ਪਿਤਾ ਗੁਰੂਘਰ ’ਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਹੈ।



