ਬਟਾਲਾ (ਰਾਘਵ): ਬੀਤੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਬੂੜੇਨੰਗਲ ਦੇ ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੇ ਇਕ ਟਰੈਕਟਰ ਨਾਲ ਹਾਦਸਾ ਵਾਪਰ ਗਿਆ। ਅਚਾਨਕ ਟਾਇਰ ਲੱਥ ਜਾਣ ਕਾਰਨ ਟਰੈਕਟਰ ’ਤੇ ਸਵਾਰ ਇਕ ਵਿਅਕਤੀ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇ ਨੰਗਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬੂੜੇ ਨੰਗਲ ਤੋਂ ਵੱਖ-ਵੱਖ ਟਰੈਕਟਰਾਂ ’ਤੇ ਸੰਗਤਾਂ ਦੇ ਰੂਪ ਵਿਚ ਰਵਾਨਾ ਹੋ ਕੇ ਕੁਝ ਨੌਜਵਾਨ ਬਾਬਾ ਬਕਾਲਾ ਰੱਖੜ ਪੁੰਨਿਆ ਜੋੜ ਮੇਲੇ ’ਤੇ ਜਾ ਰਹੇ ਸਨ ਪਰ ਜਦੋਂ ਉਹ ਅੱਡਾ ਸਠਿਆਲਾ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਟਾਇਰ ਲੱਥ ਗਿਆ ਅਤੇ ਟਰੈਕਟਰ ਪਲਟ ਗਿਆ, ਜਿਸ ਨਾਲ ਟਰੈਕਟਰ ’ਤੇ ਸਵਾਰ ਹਰਪ੍ਰੀਤ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਹੋਰ ਨੌਜਵਾਨ ਜ਼ਖਮੀ ਹੋਏ ਹਨ, ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।



