ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਲੋਕਾਂ ਕੋਲੋਂ ਵੋਟਾਂ ਮੰਗੀਆਂ। ਉਹ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਰੈਲੀ ਕਰਨ ਲਈ ਕਰਤਾਰਪੁਰ ਪੁੱਜੇ ਹੋਏ ਸਨ। ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਵਰਕਰਾਂ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਅਟਵਾਲ ਲਈ ਵੋਟਾਂ ਮੰਗਣ, ਇਸ ਲਈ ਜੇ ਉਨ੍ਹਾਂ ਨੂੰ ਲੋਕਾਂ ਦੇ ਪੈਰੀਂ ਪੈਣਾ ਪੈਂਦਾ ਹੈ ਤਾਂ ਉਹ ਵੀ ਕਰਨ। ਅਟਵਾਲ ਨੂੰ ਜਿਤਾ ਕੇ ਸੰਸਦ ਵਿਚ ਭੇਜੋ ਤਾਂ ਜੋ ਮੋਦੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਣ। ਕਾਂਗਰਸ 'ਤੇ ਵਰ੍ਹਦਿਆਂ ਸਾਬਕਾ ਮੁੱਖ ਮੰਤਰੀ ਨੇ ਹੁਣ ਤਕ ਕਾਂਗਰਸ ਦੇ ਤਿੰਨ ਪ੍ਰਧਾਨ ਮੰਤਰੀਆਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਸਭ ਤੋਂ ਮਾੜੇ ਸਲੂਕ ਨੂੰ ਚਿਤਾਰਿਆ।
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਭਾਸ਼ਾ ਦੇ ਆਧਾਰ 'ਤੇ ਸੂਬਾ ਬਣਾਉਣ ਦੀ ਵਾਅਦਾਖ਼ਿਲਾਫ਼ੀ, ਇੰਦਰਾ ਗਾਂਧੀ ਵਲੋਂ 1984 ਵਿਚ ਦਰਬਾਰ ਸਾਹਿਬ 'ਤੇ ਫੌਜ ਚਾੜ੍ਹ ਕੇ ਸਿੱਖਾਂ ਦੀ ਸਭ ਤੋਂ ਵੱਡੇ ਧਾਰਮਿਕ ਸਥਾਨ ਨੂੰ ਢਾਹ ਸੁੱਟਿਆ ਅਤੇ ਸਿੱਖਾਂ ਦੀ ਸੰਸਦ ਅਕਾਲ ਤਖ਼ਤ ਢਹਿ-ਢੇਰੀ ਕਰਨਾ ਅਤੇ ਰਾਜੀਵ ਗਾਂਧੀ ਨੇ ਵੀ ਬੇਗੁਨਾਹ ਸਿੱਖਾਂ ਦੀਆਂ ਹੱਤਿਆਵਾਂ ਕੀਤੀਆਂ। ਵਾਜਪਾਈ ਤੇੇ ਮੋਦੀ ਸਰਕਾਰਾਂ ਦੀ ਸ਼ਲਾਘਾ ਕਰਦਿਆਂ ਬਾਦਲ ਨੇ ਕਿਹਾ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਪੰਜਾਬ 'ਚ ਵਿਕਾਸ ਲਈ ਕਈ ਲੱਖ ਕਰੋੜ ਗ੍ਰਾਂਟਾਂ ਵਜੋਂ ਦਿੱਤੇ ਹਨ। ਮੋਦੀ ਸਰਕਾਰ ਨੇ '84 ਦੇ ਕਤਲੇਆਮ ਲਈ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾ ਕੇ ਸਿੱਖਾਂ ਨੂੰ ਇਨਸਾਫ਼ ਦਿਵਾਇਆ ਹੈ ਜਦਕਿ ਕਾਂਗਰਸ ਸਰਕਾਰਾਂ ਨੇ ਉਨ੍ਹਾਂ ਨੂੰ ਹਮੇਸ਼ਾ ਬਚਾ ਕੇ ਰੱਖਿਆ ਸੀ।ਪਾਰਟੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਤਾਰੀਫ਼ ਕਰਦਿਆਂ ਬਾਦਲ ਨੇ ਕਿਹਾ ਕਿ ਅਟਵਾਲ ਬਹੁਤ ਹੀ ਸੁਲਝੇ ਹੋਏ ਤੇ ਇਮਾਨਦਾਰ ਸਿਆਸਤਦਾਨ ਤੇ ਇਨਸਾਨ ਹਨ।
ਇਸ ਲਈ ਉਨ੍ਹਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਟਵਾਲ ਨੂੰ ਸਿਆਸਤ ਦਾ ਕਾਫੀ ਤਜ਼ਰਬਾ ਹੈ, ਇਸ ਲਈ ਉਹ ਪੰਜਾਬ ਦੇ ਲੋਕਾਂ ਅਤੇ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਲੋਕਾਂ ਦੀ ਆਵਾਜ਼ ਸੰਸਦ ਵਿਚ ਚੁੱਕਣਗੇ। ਇਸ ਮੌਕੇ ਚਰਨਜੀਤ ਸਿੰਘ ਅਟਵਾਲ, ਇੰਦਰਇਕਬਾਲ ਸਿੰਘ ਅਟਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਹਲਕਾ ਛਾਉਣੀ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ, ਕਰਤਾਰਪੁਰ ਦੇ ਹਲਕਾ ਇੰਚਾਰਜ ਸੇਠ ਸਤਪਾਲ ਮੱਲ, ਗੁਰਨੇਕ ਸਿੰਘ ਢਿੱਲੋਂ ਅਤੇ ਹੋਰ ਆਗੂ ਹਾਜ਼ਰ ਸਨ।ਰੈਲੀ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਚੁੱਕੇ ਗਏ ਝੂਠੇ ਮੁਕਾਬਲਿਆਂ ਦੇ ਮੁੱਦੇ ਅਤੇ ਬੇਅਦਬੀ ਕਾਂਡਾਂ ਦੇ ਮੁੱਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਮੁੱਦੇ ਨਹੀਂ ਹਨ। ਉਨ੍ਹਾਂ ਲਈ ਮੁੱਦਾ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ। ਜਿਥੇ ਇਕ ਪਾਸੇ ਸਾਬਕਾ ਮੁੱਖ ਮੰਤਰੀ ਨੇ '84 ਦੇ ਸਿੱਖ ਵਿਰੋਧੀਆਂ ਦੰਗਿਆਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ, ਉਥੇ ਹੀ ਪੱਤਰਕਾਰਾਂ ਵੱਲੋਂ ਪੰਜਾਬ 'ਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੌਰਾਨ ਮਾਰੇ ਸਿੱਖਾਂ ਦੇ ਮਾਮਲਿਆਂ ਨੂੰ ਮੁੱਦਾ ਮੰਨਣ ਤੋਂ ਇਨਕਾਰ ਕਰ ਦਿੱਤਾ।

