ਫਿਰੋਜ਼ਪੁਰ : ਜੰਮੂਤਵੀ ਤਵੀ-ਅਹਿਮਦਾਬਾਦ ਐਕਸਪ੍ਰੈੱਸ ਟ੍ਰੇਨ ਫਿਰੋਜ਼ਪੁਰ ਕੈਂਟ ਸਟੇਸ਼ਨ 'ਤੇ ਖੜ੍ਹੀ ਸੀ। ਇਸੇ ਦੌਰਾਨ ਅਚਾਨਕ ਪੰਜਾਬ ਪੁਲਿਸ, ਜੀਆਰਪੀ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਜਵਾਨ ਡੱਬਿਆਂ ਨੂੰ ਖੰਗਾਲਣ ਲੱਗੇ। ਟ੍ਰੇਨ ਜਾਣ ਦਾ ਸਮਾਂ ਹੋ ਰਿਹਾ ਸੀ ਪਰ ਰੇਲਵੇ ਨੇ ਟ੍ਰੈਕ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਖ਼ੁਫ਼ੀਆ ਏਜੰਸੀਆਂ ਤੋਂ ਇਨਪੁੱਟ ਮਿਲਿਆ ਸੀ ਕਿ ਟ੍ਰੇਨ ਵਿਚ ਕੋਈ ਸ਼ੱਕੀ ਵਿਅਕਤੀ ਤੇ ਵਸਤੂ ਹੈ। ਹਾਲਾਂਕਿ ਜਾਂਚ 'ਚ ਕੁਝ ਵੀ ਨਹੀਂ ਮਿਲਿਆ। ਖਦਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਪਹਿਲਾਂ ਹੀ ਕਿਸੇ ਸਟੇਸ਼ਨ 'ਤੇ ਉੱਤਰ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜੰਮੂ-ਤਵੀ ਤੋਂ ਅਹਿਮਦਾਬਾਦ ਜਾ ਰਹੀ ਰੇਲਗੱਡੀ ਚਾਰ ਵਜੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚੀ। ਇਸੇ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨੇ ਜੀਆਰਪੀ ਨਾਲ ਮਿਲ ਕੇ ਟ੍ਰੇਨ ਦੇ ਏਸੀ ਕੋਚ ਤੇ ਸਲੀਪਰ ਕੋਚ ਐੱਸਟੂ 'ਚ ਜਾਂਚ ਸ਼ੁਰੂ ਕੀਤੀ। ਸੂਤਰ ਦੱਸ ਰਹੇ ਹਨ ਕਿ ਸੁਰੱਖਿਆ ਬਲਾਂ ਨੂੰ ਇਨਪੁੱਟ ਮਿਲਿਆ ਸੀ ਕਿ ਇਨ੍ਹਾਂ ਦੋ ਕੋਚਾਂ ਵਿਚ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਹੋ ਸਕਦੀ ਹੈ ਪਰ ਵੀਹ ਮਿੰਟ ਤਕ ਕੁਝ ਨਾ ਮਿਲਣ 'ਤੇ ਗੱਡੀ ਨੂੰ ਅੱਗੇ ਜਾਣ ਦਾ ਸਿਗਨਲ ਦਿੱਤਾ ਗਿਆ।
ਹਾਲਾਂਕਿ ਇਸ ਤੋਂ ਬਾਅਦ ਇਕ ਵਾਰੀ ਫਿਰ ਸੁਰੱਖਿਆ ਅਧਿਕਾਰੀਆਂ ਦੀ ਹਦਾਇਤ 'ਤੇ ਗੱਡੀ ਨੂੰ ਦੁਬਾਰਾ ਰੋਕ ਕੇ ਉਕਤ ਕੋਚਾਂ ਦੀ ਇਕ ਵਾਰੀ ਫਿਰ ਚੁਫੇਰਿਓਂ ਜਾਂਚ ਕੀਤੀ ਗਈ ਪਰ ਦੁਬਾਰਾ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ। ਸੁਰੱਖਿਆ ਬਲਾਂ ਨੂੰ ਜਿਸ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਸੂਚਨਾ ਮਿਲੀ ਸੀ ਉਹ ਪਹਿਲਾਂ ਹੀ ਕਿਸੇ ਪਿਛਲੇ ਸਟੇਸ਼ਨਾਂ 'ਤੇ ਉੱਤਰ ਗਿਆ। ਜਾਂਚ ਵਿਚ ਚਾਰ ਥਾਣਿਆਂ ਦੇ ਪੁਲਿਸ, ਬੀਐੱਸਐੱਫ ਜਵਾਨ, ਦੋ ਡੀਐੱਸਪੀ, ਇਕ ਐੱਸਪੀ ਨਾਲ ਹੀ ਜੀਆਰਪੀ ਦੇ ਡੀਐੱਸਪੀ ਤੇ ਫਿਰੋਜ਼ਪੁਰ ਕੈਂਟ ਥਾਣਾ ਜੀਆਰਪੀ ਦੇ ਵੱਡੀ ਗਿਣਤੀ 'ਚ ਜਵਾਨ ਤੇ ਅਧਿਕਾਰੀ ਸ਼ਾਮਲ ਰਹੇ।



