ਅੰਮ੍ਰਿਤਸਰ : ਭਾਜਪਾ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਪੱਖ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਕੀਤੀ। ਸ਼ਾਹ ਨੇ ਕਿਹਾ ਕਿ ਅਸੀਂ ਹਰਦੀਪ ਪੁਰੀ ਦੇ ਰੁਪ 'ਚ ਤੁਹਾਡੇ ਹਲਕੇ 'ਚ ਬਣਿਆ ਬਣਾਇਆ ਮੰਤਰੀ ਸੰਸਦ ਮੈਂਬਰ ਬਣਾਉਣ ਲਈ ਭੇਜਿਆ ਹੈ। ਸ਼ਾਹ ਨੇ ਕਿਹਾ ਕਿ ਉਹ ਦੇਸ਼ ਭਰ 'ਚ ਗਏ। ਕਈ ਰੈਲੀਆਂ ਕੀਤੀਆਂ, ਲੋਕਾਂ ਦੀ ਭਾਸ਼ਾ, ਪਹਿਰਾਵਾ ਬਦਲਿਆ ਪਰ ਨਾਅਰਾ ਨਹੀਂ ਬਦਲਿਆ। ਇਹ ਨਾਅਰਾ ਹੈ ਮੋਦੀ-ਮੋਦੀ ਹੈ।ਸ਼ਾਹ ਨੇ ਕਿਹਾ ਕਿ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ। ਪੀੜਤਾਂ ਨੂੰ ਮੁਆਵਜ਼ਾ ਵੀ ਮੋਦੀ ਸਰਕਾਰ ਨੇ ਹੀ ਦਿਵਾਇਆ ਹੈ।
ਰਾਹੁਲ ਗਾਂਧੀ ਦੇ ਗੁਰੂ ਸੈਮ ਪਿਤ੍ਰੋਦਾ ਸਿੱਖ ਦੰਗਿਆਂ ਨੂੰ ਲੈ ਕੇ ਅਜਿਹੀ ਗੱਲ ਕਹਿ ਰਹੇ ਹਨ, ਜਿਸ ਨਾਲ ਦਰਦ ਹੁੰਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਦੇਸ਼ ਭਰ 'ਚ ਹਮਲਾ ਹੁੰਦਾ ਸੀ ਤਾਂ ਸਰਕਾਰ ਚੁੱਪ ਬੈਠ ਜਾਂਦੀ ਸੀ, ਪਰ ਪੁਲਵਾਮਾ 'ਚ ਹਮਲਾ ਹੋਇਆ ਤਾਂ ਮੋਦੀ ਸਰਕਾਰ ਨੇ ਏਅਰਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਸਟੀਕ ਜਵਾਬ ਦਿੱਤਾ। ਸ਼ਾਹ ਨੇ ਕਿਹਾ ਕਿ ਮੋਦੀ ਦੇ ਹੱਥਾਂ 'ਚ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜਦੋਂ ਤਕ ਮੋਦੀ ਸਰਕਾਰ ਹੈ ਭਾਰਤ ਮਾਤਾ ਦੇ ਦੁਸ਼ਮਣਾਂ ਨੂੰ ਜੇਲ੍ਹ 'ਚ ਪਾਵਾਂਗੇ। ਪਾਕਿਸਤਾਨ ਤੋਂ ਗੋਲੀ ਆਵੇਗੀ ਤੇ ਇਥੋਂ ਗੋਲਾ ਆਵੇਗਾ।
ਸ਼ਾਹ ਨੇ ਕਿਹਾ ਕਿ ਪੁਰੀ ਮੋਦੀ ਦੇ ਪ੍ਰਤੀਨਿਧੀ ਹਨ ਤੇ ਉਹ ਗੁਰੂਨਗਰੀ ਦਾ ਵਿਕਾਸ ਕਰਨ 'ਚ ਸਮਰਥ ਹਨ। ਸ਼ਾਹ ਨੇ ਕਿਹਾ ਕਿ 74 ਸਾਲਾਂ 'ਚ ਕਾਂਗਰਸ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਕੁਝ ਨਹੀਂ ਕੀਤਾ। ਭਾਰਤ ਵੰਡ ਸਮੇਂ ਸਾਬਕਾ ਹੁਕਮਰਾਨ ਚਾਹੁੰਦੇ ਤਾਂ ਛੇ ਕਿਲੋਮੀਟਰ ਦਾ ਇਹ ਹਿੱਸਾ ਵੀ ਭਾਰਤ 'ਚ ਹੁੰਦਾ, ਪਰ ਅਜਿਹਾ ਨਹੀਂ ਹੋਇਆ। ਹੁਣ ਮੋਦੀ ਨੇ ਲਾਂਘੇ ਦਾ ਰਾਹ ਸਾਫ ਕੀਤਾ ਹੈ। ਨਾਲ ਹੀ ਭਾਜਪਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਹੈ।



