ਬਿਆਸ (ਰਾਘਵ): ਪਹਾੜੀ ਇਲਾਕਿਆਂ ਵਿਚ ਪੈ ਰਹੀ ਭਾਰੀ ਬਰਸਾਤ ਕਾਰਣ ਪੰਜਾਬ ਵਿਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੀ ਨਹਿਰ ਵਿਚ ਵੀ ਵੱਡਾ ਪਾੜ ਪੈ ਗਿਆ, ਜਿਸ ਕਾਰਣ 20 ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਧਿਆਨਪੁਰ, ਕਲੇਰ, ਡੁੱਬਗੜ ਕਾਲੋਨੀ ਆਦਿ ਇਲਾਕੇ ਪਾਣੀ ਦੀ ਲਪੇਟ ਵਿਚ ਆ ਗਏ ਹਨ। ਆਫਤ ਦੀ ਇਸ ਸਥਿਤੀ ਵਿਚ ਡੇਰਾ ਬਿਆਸ ਇਕ ਵਾਰ ਫਿਰ ਮਦਦ ਲਈ ਅੱਗੇ ਆਇਆ ਹੈ। ਨਹਿਰ ਵਿਚ ਪਏ ਇਸ ਪਾੜ ਨੂੰ ਪੂਰਣ ਲਈ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ 10 ਹਜ਼ਾਰ ਮਿੱਟੀ ਦੀਆਂ ਬੋਰੀਆਂ ਭਰ ਕੇ ਮੌਕੇ 'ਤੇ ਭਿਜਵਾਇਆ ਗਿਆ ਹਨ ਤਾਂ ਜੋ ਇਨ੍ਹਾਂ ਬੋਰਿਆਂ ਦੀ ਮਦਦ ਨਾਲ ਪਾੜ ਨੂੰ ਪੂਰ ਕੇ ਪਾਣੀ ਦੇ ਤੇਜ਼ ਵਹਾਅ ਨੂੰ ਰੋਕਿਆ ਜਾ ਸਕੇ ਅਤੇ ਹੋਰ ਨੁਕਸਾਨ ਨਾ ਹੋਵੇ।

