ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਇੱਥੋ ਦੇ ਸੂਬੇ ਇੰਡੀਆਨਾ ਵਿੱਚ 2 ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਹ ਦੋਵੇਂ ਇੰਡੀਆਨਾਪੋਲਿਸ ਦੇ ਉੱਪ-ਨਗਰ ਫ਼ਿਸ਼ਰਜ਼ ਸਿਟੀ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਤੇਜ਼-ਰਫ਼ਤਾਰ ਕਾਰ ਇੱਕ ਰੁੱਖ ਨਾਲ ਟਕਰਾ ਗਈ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਨੌਜਵਾਨ ਦੀ ਸ਼ਨਾਖਤ 19 ਸਾਲਾ ਵਰੁਣਦੀਪ ਸਿੰਘ ਵੜਿੰਗ ਤੇ 22 ਸਾਲਾ ਦਵਨੀਤ ਸਿੰਘ ਚਾਹਲ ਵਜੋਂ ਹੋਈ।
ਇਹ ਹਾਦਸਾ ਬੀਤੇ ਦਿਨ ਬੁੱਧਵਾਰ ਨੂੰ ਵਾਪਰਿਆ। ਹਾਦਸੇ ਵਿੱਚ 20 ਸਾਲਾ ਨੌਜਵਾਨ ਗੁਰਜੋਤ ਸਿੰਘ ਸੰਧੂ ਜਖ਼ਮੀ ਹੋਇਆ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸਥਾਨਕ ਮੀਡੀਆ ਨੇ ਇਸ ਖ਼ਬਰ ਦੀ ਪ੍ਰਮੁਖਤਾ ਨਾਲ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਦਵਨੀਤ ਕਾਰ ਚਲਾ ਰਿਹਾ ਸੀ ਤੇ ਉਸ ਨੇ ਸੀਟ-ਬੈਲਟ ਨਹੀਂ ਲਾਈ ਹੋਈ ਸੀ। ਹਾਦਸੇ ਦੀ ਜਾਂਚ ਚੱਲ ਰਹੀ ਹੈ।



