ਚੰਡੀਗੜ੍ਹ (ਵਿਕਰਮ ਸਹਿਜਪਲਾ) : ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਇਹ ਐਗਜ਼ਿਟ ਪੋਲ ਕਾਂਗਰਸ ਲਈ ਚੰਗੇ ਪਰ ਆਮ ਆਦਮੀ ਪਾਰਟੀ ਲਈ ਜ਼ਿਆਦਾ ਚੰਗੇ ਨਹੀਂ ਜਾਪ ਰਹੇ। ਸਾਹਮਣੇ ਆ ਰਹੇ ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ 13 ਵਿੱਚੋਂ 8-9 ਸੀਟਾਂ ਜਾਂਦੀਆਂ ਵਿਖਾਈ ਦੇ ਰਹੀਆਂ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਖ਼ੇਮੇ ਵਿੱਚ 3-4 ਸੀਟਾਂ ਜਾਣ ਦੀ ਉਮੀਦ ਹੈ। ਪਿਛਲੀਆਂ ਚੋਣਾਂ ਦੌਰਾਨ 13 ਸੀਟਾਂ ਵਿੱਚੋਂ 4 ਸੀਟਾਂ ਲੈ ਕੇ ਜਾਣ ਵਾਲੀ ਆਮ ਆਦਮੀ ਪਾਰਟੀ ਨੂੰ ਮਹਿਜ਼ 1 ਸੀਟ ਤੇ ਹੀ ਸੰਤੁਸ਼ਟ ਰਹਿਣਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਦੀ ਇਹ ਸੀਟ ਸੰਗਰੂਰ ਹੋ ਸਕਦੀ ਹੈ ਕਿਉਂਕਿ ਇਸ ਸੀਟ 'ਤੇ ਹੀ 'ਆਪ' ਵਰਕਰਾਂ ਨੂੰ ਇਕੱਠੇ ਕਰਨ ਵਿੱਚ ਸਫ਼ਲ ਹੋ ਸਕੀ ਹੈ।
ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਫੇਰੀ ਦੌਰਾਨ ਸੰਗਰੂਰ ਸੀਟ ਨੂੰ ਹੀ ਜ਼ਿਆਦਾ ਤਰਜ਼ੀਹ ਦਿੱਤੀ ਸੀ। ਜੇ ਕਾਂਗਰਸ ਦੇ ਖ਼ੇਮੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਪਟਿਆਲਾ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ਜਾਣ ਦੀ ਉਮੀਦ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀ ਭਾਈਵਾਲ ਪਾਰਟੀ ਭਾਜਪਾ ਦੇ ਖ਼ੇਮੇ ਵਿੱਚ ਗੁਰਦਾਸਪੁਰ, ਬਠਿੰਡਾ ਅਤੇ ਅਨੰਦਪੁਰ ਸਾਹਿਬ ਆਉਣ ਦੀ ਉਮੀਦ ਹੈ।ਇਨ੍ਹਾਂ ਸਾਰੀਆਂ ਸੀਟਾਂ ਵਿੱਚ ਹੁਸ਼ਿਆਰਪੁਰ, ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟ ਤੇ ਸਖ਼ਤ ਮੁਕਾਬਲਾ ਹੈ। ਇਨ੍ਹਾਂ ਸੀਟਾਂ ਦੇ ਸਿਆਸੀ ਸਮੀਕਰਣ ਕਦੇ ਵੀ ਬਦਲ ਸਕਦੇ ਹਨ। ਇਹ ਤਾਂ ਹੁਣ 23 ਤਰੀਕ ਨੂੰ ਹੀ ਪਤਾ ਲੱਗੇਗਾ, ਕੀ ਭਾਅ ਵਿਕਦੀ ਐ।



