ਲੁਧਿਆਣਾ (ਪਾਇਲ): ਨੋਇਡਾ ਦੇ ਕਾਲ ਸੈਂਟਰ ਤੋਂ 3 ਕਾਰੋਬਾਰੀਆਂ ਨੂੰ ਫਰਜ਼ੀ ਰੇਡ ਰਾਹੀਂ ਅਗਵਾ ਕਰਕੇ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ, ਜੋ ਕਿ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਜਾਪਦਾ। ਭਾਵੇਂ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਸਿਰਫ਼ ਇੱਕ ਹੀ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਸਕੀ ਹੈ। ਪਰ ਜਿਸ ਤਰ੍ਹਾਂ ਫਿਰੌਤੀ ਦੀ ਯੋਜਨਾ ਬਣਾਈ ਗਈ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਖੇਡ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਸਾਰੇ ਖਿਡਾਰੀ ਸੀਨੀਅਰ ਬਣ ਗਏ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਲੁਧਿਆਣਾ ਦਾ ਇੱਕ ਜਿਊਲਰ ਹੈ, ਜਿਸ ਖ਼ਿਲਾਫ਼ ਸਾਲ 2023 ਵਿੱਚ ਚੋਰੀ ਦੇ ਗਹਿਣੇ ਖਰੀਦਣ ਦੇ ਦੋਸ਼ ਵਿੱਚ ਥਾਣਾ ਸ਼ਿਮਲਾਪੁਰੀ 'ਚ ਐਫ.ਆਈ.ਆਰ ਦਰਜ ਕੀਤੀ ਗਈ ਸੀ। ਐੱਸ.ਪੀ ਦਾ ਗੰਨਮੈਨ ਇਸ ਪਰਚੇ ਤਹਿਤ ਬਰੀ ਹੋਣ ਦੇ ਸੁਪਨੇ ਦਿਖਾ ਰਿਹਾ ਸੀ। ਜਿਸ ਕਾਰਨ ਜਿਊਲਰ ’ਤੇ ਪੂਰਾ ਦਬਾਅ ਸੀ। ਜਦੋਂ ਐਫ.ਆਈ.ਆਰ ਹੋਈ ਤਾਂ ਉਸ ਸਮੇਂ ਐਸ.ਪੀ. ਲੁਧਿਆਣਾ ਵਿੱਚ ਤਾਇਨਾਤ ਸੀ।
ਨੋਇਡਾ ਦੇ ਛਾਪੇ ਤੋਂ ਇੱਕ ਦਿਨ ਪਹਿਲਾਂ, ਗੰਨਮੈਨ ਨੇ ਜਿਊਲਰ ਤੋਂ ਉਸਦੀ ਇੱਕ ਕਾਰ ਐਸ.ਪੀ ਦੇ ਨਾਮ 'ਤੇ ਆਰਡਰ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਅਗਲੇ ਦਿਨ ਆਪਣੀ ਦੂਜੀ ਕਾਰ ਸ਼ੇਰਪੁਰ ਚੌਕ ਵਿੱਚ ਲਿਆਉਣ ਲਈ ਕਿਹਾ ਗਿਆ। ਉੱਥੇ ਪਹੁੰਚ ਕੇ ਉਸ ਨੂੰ ਆਪਣੇ ਨਾਲ ਨੋਇਡਾ ਲੈ ਗਿਆ। ਜਿਸ ਸੰਬੰਧ 'ਚ ਜਿਊਲਰ ਦੀ ਜਾਣ-ਪਛਾਣ ਨਕਲੀ ਡੀ.ਐੱਸ.ਪੀ. ਕਹਿ ਕੇ ਕਰਵਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਐਸ.ਪੀ ਦਾ ਗੰਨਮੈਨ ਅਤੇ ਜੀ.ਆਰ.ਪੀ. ਦਾ ਏ.ਐਸ.ਆਈ ਪਹਿਲੀ ਵਾਰ ਨਹੀਂ ਸੀ ਇੱਕ ਦੂਜੇ ਨੂੰ ਮਿਲੇ, ਬਲਕਿ ਇਹਨਾਂ ਦੋਵਾਂ ਦਾ ਪੁਰਾਣਾ ਰਿਸ਼ਤਾ ਹੈ। ਇਹ ਦੋਵੇਂ ਪਠਾਨਕੋਟ ਦੇ ਰਹਿਣ ਵਾਲੇ ਹਨ। ਜਿਸ ਦੋਰਾਨ ਇਹਨਾਂ ਦੋਵਾਂ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮੌਕੇ 'ਤੇ ਖੰਨਾ ਪੁਲਿਸ ਨੇ ਦੋਵਾਂ ਦੇ ਪਠਾਨਕੋਟ ਸਥਿਤ ਘਰ 'ਚ ਵੀ ਛਾਪੇਮਾਰੀ ਕੀਤੀ ਹੈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੰਨਮੈਨ ਇੰਨਾ ਚਲਾਕ ਹੈ ਕਿ ਉਸਨੇ ਫੜੇ ਗਏ ਕਾਰੋਬਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਲੈਣ ਦੀ ਧਮਕੀ ਦੇ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ,ਓਹਨਾਂ ਨੂੰ ਕਿਸੇ ਗੱਲ 'ਤੇ ਸ਼ੱਕ ਨਾ ਹੋ ਜਾਏ। ਇਸ ਲਈ ਜਦੋਂ ਉਹ ਪਹਿਲਾਂ ਸਾਹਨੇਵਾਲ ਥਾਣੇ ਅਤੇ ਬਾਅਦ ਵਿੱਚ ਖੰਨਾ ਦੇ ਸਾਈਬਰ ਸੈੱਲ ਥਾਣੇ ਵਿੱਚ ਗਿਆ ਤਾਂ ਉੱਥੋਂ ਉਹ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਕਰ ਕੇ ਵਿਸ਼ਵਾਸ ਦਿਵਾਉਂਦਾ ਸੀ ਕਿ ਪੈਸੇ ਨਾ ਦੇਣ ’ਤੇ ਉਨ੍ਹਾਂ ਖ਼ਿਲਾਫ਼ ਵੱਡਾ ਕੇਸ ਦਰਜ ਹੋ ਸਕਦਾ ਹੈ। ਇਸ ਦੇ ਨਾਲ ਹੀ ਸਾਹਨੇਵਾਲ ਢਾਬੇ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲਾਂ ਰਾਹੀਂ ਡਰਾਇਆ-ਧਮਕਾਇਆ ਜਾ ਰਿਹਾ ਸੀ।
ਫਿਰੌਤੀ ਦੇ ਇਸ ਮਾਮਲੇ 'ਚ ਭਗੌੜੇ 'ਆਪ' ਨੇਤਾ ਅਤੇ ਉਸ ਨੂੰ ਆਸ਼ੀਰਵਾਦ ਦੇਣ ਵਾਲੇ ਵਿਧਾਇਕ 'ਤੇ ਸਰਕਾਰ ਕੋਈ ਕਾਰਵਾਈ ਕਰੇਗੀ ਜਾਂ ਫਿਰ ਭ੍ਰਿਸ਼ਟਾਚਾਰ ਵਿਰੁੱਧ ਦਿੱਤੇ ਗਏ ਬਿਆਨ ਆਮ ਲੋਕਾਂ ਲਈ ਘਾਤਕ ਹਨ। ਇਸ ਦੀ ਪੁਸ਼ਟੀ ਕੁੱਝ ਕੁ ਦਿਨਾਂ ਵਿੱਚ ਹੋ ਜਾਵੇਗੀ।
ਇਸ ਦੇ ਨਾਲ ਹੀ 'ਆਪ' ਵਿਧਾਇਕ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਸਰਕਾਰ ਨੂੰ ਬਦਨਾਮ ਕਰਨ ਦੇ ਡਰੋਂ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਵੇਗਾ। ਪਰ ਕਾਰਵਾਈ ਮੁਤਾਬਿਕ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਏਗੀ। ਜਿਸ ਦੇ ਚੱਲਦੇ ਹੀ ਲੁਧਿਆਣਾ ਵਾਸੀ ਉਡੀਕ ਕਰ ਰਹੇ ਹਨ।



