ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ.ਬੇਦੀ ਵਿਸ਼ਵ ਦੇ ਸਿਖਰਲੇ 2% ਵਿਗਿਆਨੀਆਂ ਵਿੱਚ ਸ਼ਾਮਲ

by nripost

ਅੰਮ੍ਰਿਤਸਰ (ਨੇਹਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਦੇ ਪ੍ਰੋਫੈਸਰ ਅਤੇ ਗਲੋਬਲ ਰੈਂਕਿੰਗ ਐਂਡ ਇੰਟਰਨੈਸ਼ਨਲ ਕੋਲੈਬੋਰੇਸ਼ਨ ਸੈੱਲ ਦੇ ਡਾਇਰੈਕਟਰ, ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੂੰ ਸਟੈਨਫੋਰਡ-ਐਲਸੇਵੀਅਰ ਦੀ 2025 ਦੀ ਸੂਚੀ ਵਿੱਚ ਵਿਸ਼ਵ ਦੇ ਸਿਖਰਲੇ 2% ਵਿਗਿਆਨੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਪੂਰੇ ਅਕਾਦਮਿਕ ਕਰੀਅਰ ਦੌਰਾਨ ਖੋਜ ਦੇ ਪ੍ਰਭਾਵ ਦਾ ਮੁਲਾਂਕਣ ਕਰਦੀ ਹੈ। ਡਾ. ਬੇਦੀ ਦੀ ਵਿਆਪਕ ਖੋਜ ਨੇ 150 ਤੋਂ ਵੱਧ ਵਿਗਿਆਨਕ ਲੇਖਾਂ ਨੂੰ ਅੰਤਰਰਾਸ਼ਟਰੀ ਜਰਨਲਾਂ ਵਿੱਚ ਪ੍ਰਕਾਸ਼ਿਤ ਕਰਵਾਇਆ, ਜਿਸ ਨਾਲ ਅਨੇਕਾਂ ਨਵੀਆਂ ਖੋਜਾਂ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲੀ। ਡੇਰਾ ਬਾਬਾ ਨਾਨਕ ਦੇ ਇੱਕ ਸਾਦੇ ਪਰਿਵਾਰ ਵਿੱਚੋਂ ਉੱਭਰੇ ਪ੍ਰੋਫੈਸਰ ਬੇਦੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੱਖ-ਵੱਖ ਪ੍ਰਸ਼ਾਸਨਿਕ ਅਤੇ ਅਕਾਦਮਿਕ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ।

ਪ੍ਰੋਫੈਸਰ ਬੇਦੀ ਨੇ ਆਪਣੀ ਯਾਤਰਾ ਅਤੇ ਪ੍ਰਮੁੱਖ ਖੋਜ ਬਾਰੇ ਦੱਸਦਿਆਂ ਕਿਹਾ, "ਮੇਰੀ ਮੈਡੀਸਨਲ ਕੈਮਿਸਟਰੀ ਦੀ ਖੋਜ ਦਵਾਈਆਂ ਲਈ ਰਸਾਇਣਕ ਮਿਸ਼ਰਣਾਂ ਨੂੰ ਡਿਜ਼ਾਈਨ ਕਰਨ ਅਤੇ ਸੰਸਲੇਸ਼ਣ ਕਰਨ ’ਤੇ ਕੇਂਦਰਿਤ ਹੈ, ਜੋ ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਫਾਰਮਾਕੋਲੋਜੀ ਨੂੰ ਜੋੜਦਾ ਇੱਕ ਅੰਤਰ-ਅਨੁਸ਼ਾਸਨੀ ਖੇਤਰ ਹੈ। ਇਸ ਵਿੱਚ ਦਵਾਈਆਂ ਦੀ ਕਿਰਿਆ, ਮੈਟਾਬੋਲਿਜ਼ਮ ਅਤੇ ਸਾਈਡ ਇਫੈਕਟਸ ਨੂੰ ਸਮਝਣਾ ਸ਼ਾਮਲ ਹੈ। ਮੇਰੇ ਮੁੱਖ ਖੋਜ ਖੇਤਰਾਂ ਵਿੱਚ ਨਵੇਂ ਡਰੱਗ ਟਾਰਗੇਟਸ ਦੀ ਪਛਾਣ, ਦਵਾਈਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਅਨੁਕੂਲ ਬਣਾਉਣਾ, ਡਰੱਗ ਸਕ੍ਰੀਨਿੰਗ ਤਕਨੀਕਾਂ ਦਾ ਵਿਕਾਸ, ਅਣੂ ਡਿਜ਼ਾਈਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਤੇਜ਼ ਡਰੱਗ ਖੋਜ ਲਈ ਓਪਨ-ਸਾਇੰਸ ਮਾਡਲਾਂ ਦੀ ਪੜਚੋਲ ਸ਼ਾਮਲ ਹੈ।"

ਜਦੋਂ ਉਨ੍ਹਾਂ ਨੂੰ ਜੀ.ਐਨ.ਡੀ.ਯੂ. ਦੇ ਸੀਨੀਅਰ ਪ੍ਰੋਫੈਸਰ ਵਜੋਂ ਉਨ੍ਹਾਂ ਦੇ ਵਿਜ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਉਦਯੋਗ ਨਾਲ ਸਹਿਯੋਗ ਅਤੇ ਰਾਸ਼ਟਰੀ ਤੇ ਵਿਸ਼ਵ ਪੱਧਰ ’ਤੇ ਉਦਯੋਗ-ਸੰਸਥਾਨ ਸਾਂਝੇਦਾਰੀਆਂ ਨੂੰ ਖੋਜ-ਤੋਂ-ਉਤਪਾਦ ਪ੍ਰਕਿਰਿਆ ਦਾ ਅਟੁੱਟ ਹਿੱਸਾ ਬਣਨਾ ਚਾਹੀਦਾ। ਖੋਜ ਨੂੰ ਸਰਗਰਮੀ ਨਾਲ ਵਪਾਰਕ ਉਤਪਾਦਾਂ ਵਿੱਚ ਬਦਲਣਾ ਚਾਹੀਦਾ, ਜਿਸ ਨਾਲ ਵਧੇਰੇ ਪੇਟੈਂਟ ਅਤੇ ਨਵੀਆਂ ਖੋਜਾਂ ਸਾਹਮਣੇ ਆਉਣ। ਇਸ ਦੇ ਨਾਲ ਹੀ, ਇਨਕਿਊਬੇਸ਼ਨ ਸੈਂਟਰਾਂ ਦੀ ਸਥਾਪਨਾ ਅਤੇ ਪ੍ਰਮੋਸ਼ਨ ਨਾਲ ਉੱਦਮੀ ਪਹਿਲਕਦਮੀਆਂ ਨੂੰ ਸਮਰਥਨ ਮਿਲੇਗਾ ਅਤੇ ਸਿੱਖਿਆ ਖੇਤਰ ਵਿੱਚ ਤਕਨੀਕੀ ਤਰੱਕੀ ਹੋਵੇਗੀ। 150 ਕਰੋੜ ਦੀ ਆਬਾਦੀ ਵਾਲੇ ਭਾਰਤ ਨੂੰ ਵਿਗਿਆਨਕ ਅਤੇ ਆਰਥਿਕ ਤੌਰ ’ਤੇ ਤਰੱਕੀ ਕਰਨੀ ਚਾਹੀਦੀ ਹੈ ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੀ ਆਬਾਦੀ ਨੂੰ ਉਚਾ ਚੁੱਕਣ ਲਈ ਯਤਨ ਕਰਨਾ, ਜਿਸ ਵਿੱਚ ਉੱਚ ਸਿੱਖਿਆ ਦੀ ਅਹਿਮ ਭੂਮਿਕਾ ਹੈ।"

ਡਾ. ਬੇਦੀ ਨੇ ਆਪਣਾ ਕਰੀਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਫਾਰਮੇਸੀ ਵਿਭਾਗ ਦੇ ਮੁਖੀ ਬਣੇ। ਸਾਲ 2012 ਵਿੱਚ ਉਨ੍ਹਾਂ ਨੂੰ ਇਸੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਤਰੱਕੀ ਦਿੱਤੀ ਗਈ। ਉਨ੍ਹਾਂ ਦੀ ਅਗਵਾਈ ਵਿੱਚ 12 ਪੀਐਚਡੀ ਵਿਦਵਾਨਾਂ ਅਤੇ 40 ਤੋਂ ਵੱਧ ਐਮ.ਫਾਰਮੇਸੀ ਵਿਦਿਆਰਥੀਆਂ ਨੇ ਆਪਣੀ ਖੋਜ ਸਫਲਤਾਪੂਰਵਕ ਪੂਰੀ ਕੀਤੀ। ਉਹ ਯੂਨੀਵਰਸਿਟੀ ਵਿੱਚ ਡੀਨ ਕਾਲਜਿਜ਼ ਅਤੇ ਡੀਨ ਸਟੂਡੈਂਟ ਵੈੱਲਫੇਅਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

More News

NRI Post
..
NRI Post
..
NRI Post
..