ਪਟਿਆਲਾ (ਪਾਇਲ): ਕਾਰ ਦਾ ਦਰਵਾਜ਼ਾ ਅਚਾਨਕ ਖੁੱਲ੍ਹਣ ਕਾਰਨ ਮੋਟਰਸਾਈਕਲ ਕਾਰ ਨਾਲ ਟਕਰਾ ਗਿਆ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਹਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਬਡਰੁੱਖਾਂ ਦਾਲੋਮਾਲ ਪੱਟੀ ਥਾਣਾ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ’ਤੇ ਮਹਿਲਾ ਕਾਰ ਚਾਲਕ ਚਾਰੂਥਾ ਗੋਇਲ ਪਤਨੀ ਪੁਨੀਤ ਗੋਇਲ ਵਾਸੀ ਕਰਤਾਰ ਕਲੋਨੀ, ਅਬਲੋਵਾਲ ਰੋਡ, ਪਟਿਆਲਾ ਦੇ ਖ਼ਿਲਾਫ਼ ਧਾਰਾ 281, 125-ਏ, 106, 324 (4) ਬੀ.ਐਨ.ਐਸ. ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਹਰਵਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਭਰਾ ਹਰਜਿੰਦਰ ਸਿੰਘ ਅਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਮੋਟਰਸਾਈਕਲ ’ਤੇ ਅਬਲੋਵਾਲ ਰੋਡ ਪਟਿਆਲਾ ਨੇੜੇ ਨੈਣਾ ਦੇਵੀ ਮੰਦਿਰ ਵੱਲ ਜਾ ਰਹੇ ਸਨ, ਜਿੱਥੇ ਉਕਤ ਮਹਿਲਾ ਚਾਲਕ ਨੇ ਉਸ ਦੀ ਕਾਰ ਰੋਕ ਕੇ ਲਾਪਰਵਾਹੀ ਨਾਲ ਦਰਵਾਜ਼ਾ ਖੋਲ੍ਹ ਦਿੱਤਾ। ਇਸ ਕਾਰਨ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਉਕਤ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



