ਪੱਛਮੀ ਬੰਗਾਲ ‘ਚ ਉੜੀਸਾ ਦੀ ਮੈਡੀਕਲ ਵਿਦਿਆਰਥਣ ਨਾਲ ਅਣਪਛਾਤਿਆਂ ਵੱਲੋਂ ਸਮੂਹਿਕ ਜਬਰ-ਜਨਾਹ

by nripost

ਬਰਧਮਾਨ (ਪਾਇਲ): ਪੱਛਮੀ ਬੰਗਾਲ ਦੇ ਪੱਛਮ ਬਰਧਮਾਨ ਜ਼ਿਲ੍ਹੇ ਵਿੱਚ ਉੜੀਸਾ ਦੀ ਮੈਡੀਕਲ ਵਿਦਿਆਰਥਣ ਨਾਲ ਕੁੱਝ ਅਣਪਛਾਤਿਆਂ ਵੱਲੋਂ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਸ ਸਬੰਧੀ ਨਿੱਜੀ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੁਰਗਾਪੁਰ ਸਥਿਤ ਪ੍ਰਾਈਵੇਟ ਮੈਡੀਕਲ ਕਾਲਜ ਕੈਂਪਸ ਦੇ ਬਾਹਰ ਵਾਪਰੀ। ਉਨ੍ਹਾਂ ਦੱਸਿਆ ਕਿ ਦੂਜੇ ਸਾਲ ਦੀ ਵਿਦਿਆਰਥਣ ਆਪਣੇ ਦੋਸਤ ਨਾਲ ਰਾਤ ਨੂੰ ਖਾਣਾ ਖਾਣ ਬਾਹਰ ਗਈ ਸੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉੜੀਸਾ ਦੇ ਜਲੇਸਵਰ ਦੀ ਵਿਦਿਆਰਥਣ ਦਾ ਨਜ਼ਦੀਕੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦਾ ਬਿਆਨ ਲਿਆ ਗਿਆ ਹੈ। ਪਿਛਲੇ ਸਾਲ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ। ਤਾਜ਼ਾ ਘਟਨਾ ਵਿੱਚ ਭਾਜਪਾ ਕਾਰਕੁਨਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨਿਊ ਟਾਊਨਸ਼ਿਪ ਥਾਣੇ ਅੱਗੇ ਧਰਨਾ ਲਾ ਦਿੱਤਾ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਪੀੜਤਾ ਦੇ ਪਿਤਾ ਨਾਲ ਫੋਨ ਤੇ ਗੱਲ ਕੀਤੀ ਅਤੇ ਨਿਆਂ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਹਾਲਾਂਕਿ, ਪੱਛਮੀ ਬੰਗਾਲ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਸ਼ੀ ਪਾਂਜਾ ਨੇ ਘਟਨਾ ’ਤੇ ਡੂੰਘਾ ਦੁੱਖ ਜਤਾਉਂਦਿਆਂ ਔਰਤਾਂ ਖ਼ਿਲਾਫ਼ ਅਪਰਾਧਾਂ ’ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ। ਦੁਰਗਾਪੁਰ ਕਮਿਸ਼ਨਰੇਟ ਦੇ ਡੀਸੀ (ਪੂਰਬ) ਅਭਿਸ਼ੇਕ ਗੁਪਤਾ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ ਅਤੇ ਇਸ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਵਿਦਿਆਰਥਣ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਸ ਦੀ ਧੀ ਦੇ ਦੋਸਤਾਂ ਵੱਲੋਂ ਫੋਨ ਕੀਤੇ ਜਾਣ ਮਗਰੋਂ ਉਹ ਸਵੇਰੇ ਦੁਰਗਾਪੁਰ ਪਹੁੰਚੇ ਹਨ। ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ, ਜਦੋਂ ਉਹ ਆਪਣੇ ਦੋਸਤਾਂ ਵਿੱਚੋਂ ਇੱਕ ਨਾਲ ਖਾਣਾ ਖਾਣ ਲਈ ਕਾਲਜ ਕੈਂਪਸ ਤੋਂ ਬਾਹਰ ਗਈ ਸੀ। ਦੁਰਗਾਪੁਰ ਵਿੱਚ ਨਿਊ ਟਾਊਨਸ਼ਿਪ ਥਾਣੇ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਵਿਦਿਆਰਥਣ ਸ਼ੁੱਕਰਵਾਰ ਰਾਤ ਦੋਸਤ ਨਾਲ ਕਾਲਜ ਕੈਂਪਸ ਤੋਂ ਬਾਹਰ ਗਈ ਸੀ। ਇਸ ਦੌਰਾਨ ਤਿੰਨ ਅਣਪਛਾਤੇ ਉੱਥੇ ਆਏ ਤਾਂ ਦੋਸਤ ਭੱਜ ਗਿਆ। ਇਨ੍ਹਾਂ ਵਿਅਕਤੀਆਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਕੈਂਪਸ ਦੇ ਬਾਹਰ ਜੰਗਲੀ ਖੇਤਰ ਵਿੱਚ ਲਿਜਾ ਕੇ ਜਬਰ-ਜਨਾਹ ਕੀਤਾ ਗਿਆ।

More News

NRI Post
..
NRI Post
..
NRI Post
..