ਨਵੀਂ ਦਿੱਲੀ (ਪਾਇਲ): ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਟੀਟੀਪੀ ਨੇ ਹਾਲ ਹੀ ਵਿੱਚ ਕਈ ਵੀਡੀਓ ਜਾਰੀ ਕੀਤੇ ਹਨ। ਇਨ੍ਹਾਂ 'ਚ ਉਨ੍ਹਾਂ ਦਾ ਇਕ ਚੋਟੀ ਦਾ ਕਮਾਂਡਰ ਆਸਿਮ ਮੁਨੀਰ ਨੂੰ ਚੁਣੌਤੀ ਦਿੰਦਾ ਨਜ਼ਰ ਆ ਰਿਹਾ ਹੈ।
ਕਮਾਂਡਰ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਨੂੰ ਆਪਣੇ ਸਿਪਾਹੀਆਂ ਨੂੰ ਮਰਨ ਲਈ ਭੇਜਣ ਦੀ ਬਜਾਏ ਆਪਣੇ ਉੱਚ ਅਧਿਕਾਰੀਆਂ ਨੂੰ ਜੰਗ ਦੇ ਮੈਦਾਨ 'ਚ ਉਤਾਰਨਾ ਚਾਹੀਦਾ ਹੈ। ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਟੀਟੀਪੀ ਦੇ ਹਮਲਿਆਂ ਨੇ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਹੈ।
ਜਿਸ ਸੰਬੰਧ 'ਚ 8 ਅਕਤੂਬਰ ਨੂੰ, ਟੀਟੀਪੀ ਨੇ ਖੈਬਰ ਪਖਤੂਨਖਵਾ ਦੇ ਕੁਰੱਮ ਖੇਤਰ ਵਿੱਚ ਇੱਕ ਹਮਲਾ ਕੀਤਾ, ਜਿਸ ਵਿੱਚ ਉਨ੍ਹਾਂ ਨੇ 22 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਵੀਡੀਓ 'ਚ ਹਮਲੇ, ਗੋਲੀਆਂ ਅਤੇ ਲੁੱਟੇ ਗਏ ਵਾਹਨਾਂ ਦੀ ਫੁਟੇਜ ਵੀ ਦਿਖਾਈ ਗਈ ਹੈ। ਹਾਲਾਂਕਿ ਪਾਕਿਸਤਾਨੀ ਫੌਜ ਨੇ ਇਸ ਹਮਲੇ 'ਚ ਸਿਰਫ 11 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਟੀਟੀਪੀ ਦੇ ਇੱਕ ਸੀਨੀਅਰ ਕਮਾਂਡਰ ਨੇ ਵੀਡੀਓ ਵਿੱਚ ਆਸਿਮ ਮੁਨੀਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਕਾਜ਼ਿਮ ਨੇ ਕਿਹਾ, "ਜੇ ਤੁਸੀਂ ਆਦਮੀ ਹੋ ਤਾਂ ਅੱਗੇ ਆ ਕੇ ਲੜੋ।"
ਉਸ ਨੇ ਇਹ ਵੀ ਵਿਅੰਗਮਈ ਢੰਗ ਨਾਲ ਕਿਹਾ ਕਿ ਜੇਕਰ ਤੁਸੀਂ ਮਾਂ ਦਾ ਦੁੱਧ ਪੀਤਾ ਹੈ ਤਾਂ ਸਾਡੇ ਨਾਲ ਮੁਕਾਬਲਾ ਕਰੋ। ਇਸ ਧਮਕੀ ਤੋਂ ਬਾਅਦ 21 ਅਕਤੂਬਰ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਕਾਜ਼ਿਮ ਦੀ ਗ੍ਰਿਫਤਾਰੀ ਲਈ 10 ਕਰੋੜ ਪਾਕਿਸਤਾਨੀ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਟੀਟੀਪੀ ਦੀ ਵੀਡੀਓ ਨੇ ਪਾਕਿਸਤਾਨ ਵਿੱਚ ਹਲਚਲ ਮਚਾ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵੀਡੀਓਜ਼ ਅਤੇ ਹਮਲਿਆਂ ਦਾ ਮਕਸਦ ਨਾ ਸਿਰਫ਼ ਫ਼ੌਜ ਦਾ ਮਨੋਬਲ ਤੋੜਨਾ ਹੈ ਸਗੋਂ ਆਮ ਲੋਕਾਂ ਵਿੱਚ ਡਰ ਪੈਦਾ ਕਰਨਾ ਵੀ ਹੈ। ਕੁਰੱਮ ਹਮਲੇ ਨੇ ਸਪੱਸ਼ਟ ਕਰ ਦਿੱਤਾ ਕਿ ਟੀਟੀਪੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੰਗਠਿਤ ਅਤੇ ਹਮਲਾਵਰ ਹੋ ਗਈ ਹੈ।
ਜਾਣਕਾਰੀ ਮੁਤਾਬਕ ਟੀਟੀਪੀ ਦੀ ਵਧਦੀ ਤਾਕਤ ਨੇ ਹੋਰ ਹਿੰਸਕ ਸੰਗਠਨਾਂ ਨੂੰ ਵੀ ਪ੍ਰੇਰਿਤ ਕੀਤਾ ਹੈ। ਲਸ਼ਕਰ-ਏ-ਝਾਂਗਵੀ (LeJ) ਅਤੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਵਰਗੇ ਸਮੂਹ ਟੀਟੀਪੀ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ। ਇਹ ਸੰਗਠਨ ਪਹਿਲਾਂ ਵੀ ਪਾਕਿਸਤਾਨ ਵਿੱਚ ਫਿਰਕੂ ਹਿੰਸਾ ਅਤੇ ਅੱਤਵਾਦੀ ਹਮਲੇ ਕਰ ਚੁੱਕੇ ਹਨ।



