ਗੁਰਦੁਆਰੇ ਦਾ ਮੁਖੀ ਗੁਰੂ ਘਰ ਵਿੱਚ ਕਰਦਾ ਸੀ ਇਹ ਗੋਰਖ-ਧੰਦਾ

by mediateam

ਸ੍ਰੀ ਮੁਕਤਸਰ ਸਾਹਿਬ (ਵਿਕਰਮ ਸਹਿਜਪਾਲ) : ਘਰ ਦੀ ਮਰਜ਼ੀ ਤੋਂ ਬਿਨਾ ਵਿਆਹ ਕਰਵਾਉਣ ਵਾਲੇ ਜੋੜਿਆਂ ਲਈ ਸੇਫ਼ ਗੇਮ ਵੈਸੇ ਤਾਂ ਫ਼ਰਜ਼ੀ ਏਜੰਟ ਹੁੰਦੇ ਨੇ ਪਰ ਜਦ ਗੁਰੂ ਘਰ ਵਿੱਚ ਵੀ ਇਹ ਗੋਰਖ-ਧੰਧਾ ਚੱਲਣ ਲੱਗ ਜਾਵੇ ਤਾਂ ਹੈਰਾਨਗੀ ਹੁੰਦੀ ਹੈ। 

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਮੁਕਤਸਰ ਸਾਹਿਬ ਤੋਂ, ਜਿੱਥੇ ਮਲੋਟ ਦੇ ਗੁਰੂ ਘਰ ਦੇ ਮੁਖੀ ਕਰਮ ਸਿੰਘ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਮੈਰਿਜ ਸਰਟੀਫਿਕੇਟ ਜਾਰੀ ਕੀਤੇ ਗਏ ਹਨ। 

ਕੀ ਹੈ ਪੂਰਾ ਮਾਮਲਾ..?

ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਹਲਕੇ 'ਚ ਵਾਰਡ ਨੰਬਰ-26 ਦੇ ਇੱਕ ਗੁਰਦੁਆਰੇ ਵਿੱਚ ਗਿਆਨੀ ਕਰਮ ਸਿੰਘ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਕਰਦੇ ਹਨ। ਉਨ੍ਹਾਂ 'ਤੇ ਦੋਸ਼ ਹੈ ਉਨ੍ਹਾਂ ਨੇ ਗੁਰਦੁਆਰੇ ਵਿੱਚ ਫਰਜ਼ੀ ਵਿਆਹ ਦੇ ਸਰਟੀਫਿਕੇਟ ਵੰਡਨ ਦੀ ਦੁਕਾਨ ਖੋਲ ਰੱਖੀ ਹੈ। ਗੁਰਦੁਆਰਾ ਸਾਹਿਬ ਵਿੱਖੇ ਹੁਣ ਤੱਕ 200 ਵਿਆਹ ਦਰਜ ਹੋਏ ਹਨ। ਫਾਜ਼ਿਲਕਾ ਸਬੰਧਤ ਸਮਾਜਸੇਵੀ ਰਾਜਪਾਲ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਬਾਬਤ ਸ਼ਿਕਾਇਤ ਕੀਤੀ ਗਈ। 

ਪਿੰਡ ਹਾਕੂਵਾਲਾ ਤੋਂ ਆਏ ਇੱਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਮੁਖੀ ਕਰਮ ਸਿੰਘ ਉਨ੍ਹਾਂ ਜੋੜਿਆਂ ਦਾ ਵਿਆਹ ਕਰਵਾਉਂਦਾ ਹੈ, ਜੋ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਵਾਉਣਾ ਚਹੁੰਦੇ ਹਨ। ਹਾਕੂਵਾਲਾ ਦੇ ਨਿਵਾਸੀ ਨੇ ਦੱਸਿਆ ਕਿ ਬਾਬਾ ਜੀ ਬਿਨਾ ਲਾਵਾਂ ਫੇਰੇ ਕਰਵਾਏ ਹੀ ਵਿਆਹ ਦੇ ਸਰਟੀਫਿਕੇਟ ਦੇ ਦਿੰਦੇ ਹਨ ਅਤੇ ਵੱਡੀ ਗਿਣਤੀ 'ਚ ਨੌਜਵਾਨ ਜੋੜੇ ਬਾਬੇ ਕੋਲ ਵਿਆਹ ਲਈ ਪਹੁੰਚਦੇ ਹਨ। 

ਗੁਰਦੁਆਰਾ ਮੁੱਖੀ ਤੋਂ ਜ਼ਬਤ ਕੀਤੇ ਗਏ ਰਿਕਾਰਡ ਮੁਤਾਬਕ ਹਾਕੂਵਾਲ ਦੇ ਵਿਅਕਤੀ ਦੀ ਧੀ ਦਾ ਵਿਆਹ 27 ਮਾਰਚ ਨੂੰ ਹੋਇਆ ਸੀ ਅਤੇ ਇੱਕ ਮਹੀਨੇ ਦਰਮਿਆਨ ਹੀ ਬਾਬੇ ਨੇ 16 ਹੋਰ ਵਿਆਹ ਕਰਵਾ ਦਿੱਤੇ। ਫਿਲਹਾਲ ਗੁਰਦੁਆਰੇ ਦੇ ਮੁਖੀ ਕਰਮ ਸਿੰਘ ਨੇ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਧਰ, ਸ਼ਿਕਾਇਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਮੈਂਬਰੀ ਟੀਮ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

More News

NRI Post
..
NRI Post
..
NRI Post
..