ਵਾਸ਼ਿੰਗਟਨ (ਪਾਇਲ): ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਆਪਣੀ ਟੈਰਿਫ ਨੀਤੀ ਦਾ ਬਚਾਅ ਕਰਦੇ ਹੋਏ ਇਸ ਉਪਾਅ ਦਾ ਵਿਰੋਧ ਕਰਨ ਵਾਲਿਆਂ ਨੂੰ ‘ਮੂਰਖ’ ਦੱਸਿਆ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਟੈਰਿਫ ਨੇ ਅਮਰੀਕਾ ਨੂੰ ‘ਵਿਸ਼ਵ ਦਾ ਸਭ ਤੋਂ ਅਮੀਰ, ਸਭ ਤੋਂ ਸਤਿਕਾਰਤ ਦੇਸ਼ ਬਣਾ ਦਿੱਤਾ ਹੈ, ਜਿੱਥੇ ਲਗਪਗ ਕੋਈ ਮਹਿੰਗਾਈ ਨਹੀਂ ਹੈ।’ ਟਰੰਪ ਨੇ ਕਿਹਾ ਕਿ ਟੈਰਿਫ ਮਾਲੀਏ ’ਚੋਂ ‘ਘੱਟੋ-ਘੱਟ 2,000 ਡਾਲਰ ਪ੍ਰਤੀ ਵਿਅਕਤੀ (ਉੱਚ-ਆਮਦਨ ਵਾਲੇ ਲੋਕਾਂ ਨੂੰ ਛੱਡ ਕੇ!) ਦਾ ਲਾਭ ਹਰ ਕਿਸੇ ਨੂੰ ਦਿੱਤਾ ਜਾਵੇਗਾ।’
ਟਰੰਪ ਨੇ ਟਰੁੱਥ ਸੋਸ਼ਲ ’ਤੇ ਇਕ ਪੋਸਟ ਵਿਚ ਲਿਖਿਆ, ‘‘ਜੋ ਲੋਕ ਟੈਰਿਫ ਦੇ ਖਿਲਾਫ਼ ਹਨ, ਉਹ ਮੂਰਖ ਹਨ!’’ ਟਰੰਪ ਨੇ ਪੋਸਟ ਵਿਚ ਅੱਗੇ ਦਾਅਵਾ ਕੀਤਾ ਕਿ ਸੰਯੁਕਤ ਰਾਜ ਅਮਰੀਕਾ ‘ਦੁਨੀਆ ਦਾ ਸਭ ਤੋਂ ਅਮੀਰ, ਸਭ ਤੋਂ ਸਤਿਕਾਰਤ ਦੇਸ਼ ਬਣ ਗਿਆ ਹੈ, ਲਗਪਗ ਕੋਈ ਮਹਿੰਗਾਈ ਨਹੀਂ ਹੈ, ਅਤੇ ਇੱਕ ਰਿਕਾਰਡ ਸਟਾਕ ਮਾਰਕੀਟ ਕੀਮਤ 401k ਹੁਣ ਤੱਕ ਸਭ ਤੋਂ ਵੱਧ ਹੈ।’ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਅਮਰੀਕਾ ਟੈਰਿਫ ਤੋਂ ‘ਖਰਬਾਂ ਡਾਲਰ ਲੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ‘ਜਲਦੀ ਹੀ ਆਪਣੇ ਵੱਡੇ ਕਰਜ਼ੇ 37 ਟ੍ਰਿਲੀਅਨ ਡਾਲਰ’ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਵੇਗਾ।
ਟਰੰਪ ਨੇ ਕਿਹਾ ਕਿ ਦੇਸ਼ ਵਿੱਚ ਰਿਕਾਰਡ ਨਿਵੇਸ਼ ਆ ਰਿਹਾ ਹੈ, ‘ਹਰ ਥਾਂ ਪਲਾਂਟ ਅਤੇ ਫੈਕਟਰੀਆਂ ਵੱਧ ਰਹੀਆਂ ਹਨ’। ਅਮਰੀਕੀ ਸਦਰ ਨੇ ਕਿਹਾ ਕਿ ‘ਹਰ ਕਿਸੇ ਨੂੰ ਘੱਟੋ-ਘੱਟ 2,000 ਡਾਲਰ ਪ੍ਰਤੀ ਵਿਅਕਤੀ (ਉੱਚ-ਆਮਦਨੀ ਵਾਲੇ ਲੋਕਾਂ ਨੂੰ ਛੱਡ ਕੇ!) ਦਾ ਲਾਭ ਦਿੱਤਾ ਜਾਵੇਗਾ।’’ ਟਰੰਪ ਨੇ ਹਾਲਾਂਕਿ ਤਜਵੀਜ਼ਤ ਭੁਗਤਾਨ ਬਾਰੇ ਕੋਈ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ। ਟਰੰਪ ਦੀਆਂ ਇਹ ਟਿੱਪਣੀਆਂ ਅਮਰੀਕੀ ਸੁਪਰੀਮ ਕੋਰਟ ਵੱਲੋਂ 6 ਨਵੰਬਰ ਨੂੰ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਲਗਾਏ ਗਏ ਗਲੋਬਲ ਟੈਰਿਫਾਂ ’ਤੇ ਬਹਿਸ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਹਨ, ਜਿਸ ਵਿੱਚ ਉਨ੍ਹਾਂ ਨੀਤੀਆਂ ਦੀ ਚੱਲ ਰਹੀ ਕਾਨੂੰਨੀ ਜਾਂਚ ਨੂੰ ਉਜਾਗਰ ਕੀਤਾ ਗਿਆ ਹੈ ਜਿਨ੍ਹਾਂ ਦਾ ਉਹ ਬਚਾਅ ਕਰ ਰਹੇ ਹਨ।



