ਨਵੀਂ ਦਿੱਲੀ (ਪਾਇਲ): ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਆਖਿਰਕਾਰ ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਨੂੰ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਕਰਨ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਗੰਭੀਰ ਨੇ ਕਿਹਾ ਕਿ ਟੀਮ ਦੇ ਡਰੈਸਿੰਗ ਰੂਮ 'ਚ ਪੂਰੀ ਪਾਰਦਰਸ਼ਤਾ ਹੈ। ਮੈਚ ਜੇਤੂ ਖਿਡਾਰੀਆਂ ਨੂੰ ਬਾਹਰ ਰੱਖਣ 'ਤੇ ਬੀਸੀਸੀਆਈ ਨੂੰ ਦਿੱਤੇ ਇੰਟਰਵਿਊ 'ਚ ਗੰਭੀਰ ਨੇ ਇਸ ਨੂੰ ਆਪਣੇ ਕੋਚਿੰਗ ਕਰੀਅਰ ਦਾ ਸਭ ਤੋਂ ਮੁਸ਼ਕਲ ਫੈਸਲਾ ਦੱਸਿਆ।
ਦਰਅਸਲ, ਕੋਚ ਗੌਤਮ ਗੰਭੀਰ ਨੇ ਕਿਹਾ ਕਿ ਅਜਿਹੇ ਮੌਕਿਆਂ 'ਤੇ ਖਿਡਾਰੀਆਂ ਨਾਲ ਖੁੱਲ੍ਹੀ ਗੱਲਬਾਤ ਬਣਾਈ ਰੱਖਣਾ ਜ਼ਰੂਰੀ ਹੈ, ਕਿਉਂਕਿ ਜਦੋਂ ਖਿਡਾਰੀਆਂ ਨੂੰ ਪਤਾ ਹੁੰਦਾ ਹੈ ਕਿ ਉਹ ਪਲੇਇੰਗ-11 'ਚ ਸ਼ਾਮਲ ਕੀਤੇ ਜਾਣ ਦੇ ਯੋਗ ਹਨ ਤਾਂ ਉਨ੍ਹਾਂ ਦੀ ਨਿਰਾਸ਼ਾ ਸੁਭਾਵਿਕ ਹੈ। ਜੇਕਰ ਗੱਲ ਕਰੀਏ ਅਰਸ਼ਦੀਪ ਸਿੰਘ ਦੀ, ਜੋ T20i 'ਚ ਭਾਰਤ ਦੇ ਨੰਬਰ-1 ਵਿਕਟ ਲੈਣ ਵਾਲੇ ਗੇਂਦਬਾਜ਼ ਹਨ, ਪਰ ਆਸਟ੍ਰੇਲੀਆ ਖਿਲਾਫ ਪਹਿਲੇ ਦੋ T20I ਮੈਚਾਂ 'ਚ ਅਰਸ਼ਦੀਪ ਸਿੰਘ 'ਤੇ ਹਰਸ਼ਿਤ ਰਾਣਾ ਨੂੰ ਤਰਜੀਹ ਦਿੱਤੀ ਗਈ ਸੀ।
ਅਰਸ਼ਦੀਪ ਨੂੰ ਆਰਾਮ ਦੇਣ ਦੇ ਫੈਸਲੇ ਨੂੰ ਲੈਕੇ ਗੰਭੀਰ ਦੀ ਕਾਫੀ ਆਲੋਚਨਾ ਹੋਈ ਸੀ। ਅਰਸ਼ਦੀਪ ਨੇ ਲੜੀ ਦੇ ਬਾਅਦ 'ਚ ਜ਼ਬਰਦਸਤ ਵਾਪਸੀ ਕੀਤੀ, ਤੀਜੇ ਟੀ-20 ਵਿੱਚ ਤਿੰਨ ਵਿਕਟਾਂ ਲਈਆਂ ਅਤੇ ਫਿਰ ਚੌਥੇ ਮੈਚ ਵਿੱਚ 1/22 ਵਿਕਟਾਂ ਲਈਆਂ। ਅਜਿਹੇ ਵਿੱਚ ਮੁਸ਼ਕਲ ਫੈਸਲੇ ਲੈਣੇ ਸਵੀਕਾਰ ਕਰਦੇ ਹੋਏ ਗੰਭੀਰ ਨੇ ਕਿਹਾ ਕਿ ਯੋਗ ਖਿਡਾਰੀਆਂ ਨੂੰ ਬਾਹਰ ਕੱਢਣਾ ਉਸਦੇ ਕੰਮ ਦਾ ਸਭ ਤੋਂ ਔਖਾ ਹਿੱਸਾ ਹੈ।
ਜਿਸ ਸੰਬੰਧ 'ਚ ਉਨ੍ਹਾਂ ਨੇ ਕਿਹਾ ਕਿ "ਇਹ ਸ਼ਾਇਦ ਇੱਕ ਕੋਚ ਦੇ ਤੌਰ 'ਤੇ ਮੇਰੇ ਲਈ ਸਭ ਤੋਂ ਔਖਾ ਕੰਮ ਹੈ। ਇਸ ਦੇ ਨਾਲ ਹੀ ਇਹ ਮੇਰੀ ਸਭ ਤੋਂ ਔਖੀ ਨੌਕਰੀ ਹੈ। ਕਈ ਵਾਰ ਜਦੋਂ ਮੈਨੂੰ ਪਤਾ ਹੁੰਦਾ ਹੈ ਕਿ ਬੈਂਚ 'ਤੇ ਬਹੁਤ ਕੁਆਲਿਟੀ ਹੈ ਅਤੇ ਹਰ ਖਿਡਾਰੀ ਪਲੇਇੰਗ 11 'ਚ ਸ਼ਾਮਲ ਹੋਣ ਦਾ ਹੱਕਦਾਰ ਹੈ, ਤੁਹਾਨੂੰ ਅਜੇ ਵੀ ਸਭ ਤੋਂ ਵਧੀਆ 11 ਖਿਡਾਰੀ ਚੁਣਨੇ ਪੈਂਦੇ ਹਨ, ਲੇਕਿਨ ਮੇਰੇ ਲਈ ਸਭ ਤੋਂ ਮੁਸ਼ਕਲ ਚੀਜ਼ ਸੰਚਾਰ ਅਤੇ ਗੱਲਬਾਤ ਹੈ।"
ਦੱਸ ਦਇਏ ਕਿ ਕੋਚ ਗੌਤਮ ਗੰਭੀਰ ਨੇ ਅੱਗੇ ਕਿਹਾ ਕਿ ਸੰਚਾਰ ਬਿਲਕੁਲ ਸਪੱਸ਼ਟ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਨੂੰ ਦੱਸ ਰਹੇ ਹੋ ਕਿ ਉਹ ਨਹੀਂ ਖੇਡ ਰਿਹਾ, ਤਾਂ ਇਹ ਕੋਚ ਅਤੇ ਖਿਡਾਰੀ ਦੋਵਾਂ ਲਈ ਇੱਕ ਔਖਾ ਪਲ ਹੁੰਦਾ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਨਿਰਾਸ਼ਾ ਉਦੋਂ ਹੋਵੇਗੀ ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਹ ਹੱਕਦਾਰ ਹੈ।



