ਤਰਨਤਾਰਨ : ਪਿੰਡ ਰੈਸ਼ੀਆਣਾ ਨੇੜੇ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜ਼ਖ਼ਮੀ ਹੋਏ ਪਿਓ-ਧੀ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ ਜਦਕਿ ਔਰਤ ਜ਼ਖ਼ਮੀ ਹੋ ਗਈ। ਘਟਨਾ ਮੌਕੇ ਤੋਂ ਕਾਰ ਚਾਲਕ ਫ਼ਰਾਰ ਹੋ ਗਿਆ। ਮੌਕੇ 'ਤੇ ਪੁੱਜੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੰਗਾ ਸਿੰਘ ਪੁੱਤਰ ਧਰਮਾ ਸਿੰਘ ਉਰਫ ਬਿੱਟੂ ਵਾਸੀ ਭੋਜੀਆਂ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਿਤਾ ਧਰਮ ਸਿੰਘ, ਮਾਤਾ ਕੈਲਾਸ਼ੋ ਅਤੇ ਭੈਣ ਲੱਛਮੀ ਨਾਲ ਪੈਸ਼ਨ ਮੋਟਰਸਾਈਕਲ ਨੰਬਰ ਪੀਬੀ 46 ਡੀ 3020 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਨਾਗੋਕੇ ਜਾ ਰਹੇ ਸੀ।

ਜਦੋਂ ਉਹ ਪਿੰਡ ਰੈਸ਼ੀਆਣਾ ਨੇੜੇ ਪੁੱਜੇ ਤਾਂ ਇਕ ਸਵਿਫਟ ਕਾਰ ਨੰਬਰ ਪੀਬੀ 02 ਬੀਐੱਚ 8688 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਉਸ ਦਾ ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੀ ਮਾਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ 'ਚੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਘਰ ਭੇਜ ਦਿੱਤਾ ਹੈ। ਘਟਨਾ ਮੌਕੇ ਤੋਂ ਕਾਰ ਚਾਲਕ ਫ਼ਰਾਰ ਹੋ ਗਿਆ।
ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



